ਅੰਮ੍ਰਿਤਸਰ: ਸ਼ਹੀਦਾਂ ਦੀ ਯਾਦਗਾਰ ਜਲ੍ਹਿਆਂਵਾਲਾ ਬਾਗ ਪਹਿਲੀ ਵਾਰ ਸੈਲਾਨੀਆਂ ਲਈ ਬੰਦ ਕੀਤਾ ਜਾ ਰਿਹਾ ਹੈ। ਇਸ ਸਮੇਂ ਦੌਰਾਨ ਸੈਲਾਨੀ ਇੱਥੇ ਨਹੀਂ ਆ ਸਕਣਗੇ। ਜਲ੍ਹਿਆਂਵਾਲਾ ਬਾਗ਼ ਨੂੰ 15 ਫਰਵਰੀ ਤੋਂ 12 ਅਪ੍ਰੈਲ ਤਕ ਬੰਦ ਰੱਖਿਆ ਜਾਵੇਗਾ। ਇਸ ਸਬੰਧੀ ਜਲ੍ਹਿਆਂਵਾਲਾ ਬਾਗ਼ ਦੇ ਬਾਹਰ ਨਵੀਨੀਕਰਣ ਕਰਨ ਵਾਲੀ ਕੰਪਨੀ ਵੱਲੋਂ ਪਬਲਿਕ ਨੋਟਿਸ ਵੀ ਲਾਇਆ ਗਿਆ ਹੈ। ਜਲ੍ਹਿਆਂਵਾਲਾ ਬਾਗ ਰਾਸ਼ਟਰੀ ਮੈਮੋਰੀਅਲ ਤਹਿਤ ਭਾਰਤ ਸਰਕਾਰ ਦੇ ਅਧੀਨ ਆਉਂਦਾ ਹੈ। ਭਾਰਤ ਦੇ ਪੁਰਾਤੱਤਵ ਸਰਵੇਖਣ ਵਿਭਾਗ ਦੀ ਅਗਵਾਈ ਹੇਠ ਇਥੇ ਨਵਨੀਕਰਣ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਤਹਿਤ ਇਥੇ ਲਾਈਟ ਐਂਡ ਸਾਊਂਡ ਸ਼ੋਅ ਆਦਿ ਨਾਲ ਮਿਊਜ਼ੀਅਮ, ਹੈਰੀਟੇਜ ਸੰਰਚਨਾਵਾਂ ਦੀ ਮੁੜ ਸਥਾਪਨਾ ਅਤੇ ਸਾਂਭ ਸੰਭਾਲ ਕੀਤੀ ਜਾਵੇਗੀ।
ਨਵੀਨੀਕਰਣ ਦੇ ਕਾਰਜਾਂ ਨੂੰ ਪੂਰਾ ਕਰਨ ਲਈ ਜਲ੍ਹਿਆਂਵਾਲਾ ਬਾਗ 15 ਫਰਵਰੀ 2020 ਤੋਂ 12 ਅਪ੍ਰੈਲ 2020 ਤੱਕ ਅਸਥਾਈ ਤੌਰ 'ਤੇ ਸੈਲਾਨੀਆਂ ਲਈ ਬੰਦ ਰੱਖਿਆ ਜਾਵੇਗਾ। ਤਕਰੀਬਨ 2 ਮਹੀਨੇ ਲਈ ਬੰਦ ਹੋਣ ਕਾਰਨ ਦੇਸ਼-ਵਿਦੇਸ਼ ਤੋਂ ਗੁਰੂ ਨਗਰੀ ਆਉਣ ਵਾਲੇ ਸੈਲਾਨੀ ਜਲ੍ਹਿਆਂਵਾਲਾ ਬਾਗ ਦੇਖਣ ਤੋਂ ਵਾਂਝੇ ਰਹਿ ਜਾਣਗੇ। ਇਸ ਬਾਰੇ ਇਥੇ ਘੁੰਮਣ ਆਏ ਕੁੱਝ ਸੈਲਾਨੀਆਂ ਨੇ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਦਾ ਨਵੀਨੀਕਰਣ ਹੋਣਾ ਚੰਗਾ ਹੈ ਪਰ ਪੁਰਾਤਨ ਚੀਜ਼ਾਂ ਨੂੰ ਪੂਰੀ ਤਰ੍ਹਾਂ ਬਦਲ ਦੇਣਾ ਸਹੀ ਨਹੀਂ ਹੈ।