ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਮੱਦੇ ਨਜ਼ਰ ਸਰਕਾਰਾਂ ਵੱਲੋਂ ਹੌਲੀ-ਹੌਲੀ ਮਨੁੱਖੀ ਜੀਵਨ ਨਾਲ ਸਬੰਧਤ ਲੋੜੀਂਦੀਆਂ ਸੰਸਥਾਵਾਂ,ਅਦਾਰੇ ਖੋਲ੍ਹੇ ਗਏ। ਇਸੇ ਤਹਿਤ ਹੀ ਦੇਸ਼ ਭਰ ਦੇ ਧਾਰਮਿਕ, ਸਮਾਜਿਕ ਸਥਾਨ ਵੀ ਖੁੱਲ੍ਹ ਗਏ ਹਨ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਧਾਰਮਿਕ ਸਥਾਨ ਕਰਤਾਰਪੁਰ ਸਾਹਿਬ ਜੋ ਪਾਕਿਸਤਾਨ ਵਿਖੇ ਸਥਿਤ ਹੈ,ਖੁੱਲ੍ਹ ਨਹੀਂ ਸਕਿਆ। ਕਰਤਾਰਪੁਰ ਸਾਹਿਬ ਲਈ ਦੇਸ- ਪ੍ਰਦੇਸ਼ ਦੇ ਸ਼ਰਧਾਲੂਆਂ ਵਿੱਚ ਹਮੇਸ਼ਾਂ ਕਾਫ਼ੀ ਉਤਸ਼ਾਹ ਤੇ ਚਾਅ ਹੁੰਦਾ ਹੈ ਪਰ ਕੋਰੋਨਾ ਕਰਕੇ ਬੰਦ ਹੋਏ ਲਾਂਘੇ ਨੇ ਸ਼ਰਧਾਲੂਆਂ ਨੂੰ ਮਾਯੂਸ ਕੀਤਾ ਹੈ।
ਈਟੀਵੀ ਭਾਰਤ ਨੇ ਕੀਤੀ ਸ਼ਰਧਾਲੂਆਂ ਨਾਲ ਗੱਲਬਾਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਖ- ਵੱਖ ਥਾਵਾਂ ਤੋਂ ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂਆਂ ਨਾਲ ਈਟੀਵੀ ਭਾਰਤ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਬਾਰੇ ਗੱਲਬਾਤ ਕੀਤੀ ਗਈ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਭਾਵੇਂ ਕਿ ਕੋਰੋਨਾ ਕਰਕੇ ਦੇਸ਼ ਦੇ ਸਾਰੇ ਧਾਰਮਿਕ,ਸਮਾਜਿਕ ਅਦਾਰੇ ਜਾਂ ਸਥਾਨ ਬੰਦ ਹੋ ਗਏ ਸਨ ਪਰ ਹੁਣ ਲਗਪਗ ਸਾਰੇ ਖੁੱਲ੍ਹ ਗਏ ਹਨ।
ਸ਼ਰਧਾਲੂਆਂ ਦੀ ਕੇਂਦਰ ਸਰਕਾਰ ਨੂੰ ਅਪੀਲ
ਸ਼ਰਧਾਲੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਦੇਰੀ ਕੀਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ। ਇਕ ਸ਼ਰਧਾਲੂ ਨੇ ਕਿਹਾ ਕਿ ਉਹ ਨਵੰਬਰ ਮਹੀਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਗਿਆ ਸੀ, ਪਾਕਿਸਤਾਨ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੀਂ 5 ਹਜ਼ਾਰ ਸੰਗਤਾਂ ਲਈ ਪ੍ਰਬੰਧ ਕੀਤੇ ਗਏ ਹਨ, ਪਰ ਕਮੀ ਭਾਰਤ ਸਰਕਾਰ ਵੱਲੋੋਂ ਹੋ ਰਹੀ ਹੈ, ਜੋ ਇਹ ਲਾਂਘਾ ਨਹੀਂ ਖੋਲ੍ਹ ਰਹੀ। ਸ਼ਰਧਾਲੂਆਂ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਜੇਕਰ ਕੋਰੋਨਾ ਮਹਾਂਮਾਰੀ ਤੋਂ ਬਾਅਦ ਸਾਰਾ ਕੁੱਝ ਖੁੱਲ੍ਹ ਸਕਦਾ ਹੈ ਤਾਂ ਫਿਰ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ ਖੋਲ੍ਹ ਸਕਦੇ।