ਚੰਡੀਗੜ੍ਹ: ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ (rahul gandhi amritsar visit) ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੀਪੀਸੀਸੀ ਪ੍ਰਧਾਨ ਨਵਜੋਤ ਸਿੱਧੂ ਤੋਂ ਇਲਾਵਾ ਉਮੀਦਵਾਰ ਵੀ ਨਾਲ ਰਹੇ। ਇਸ ਦੇ ਉਲਟ ਪੰਜ ਸੰਸਦ ਮੈਂਬਰਾਂ ਜਸਬੀਰ ਸਿੰਘ ਡਿੰਪਾ, ਰਵਨੀਤ ਸਿੰਘ ਬਿੱਟੂ, ਮਨੀਸ਼ ਤਿਵਾਰੀ, ਮੁਹੰਮਦ ਸਦੀਕ ਅਤੇ ਪਰਨੀਤ ਕੌਰ ਨੇ ਇਸ ਦੌਰੇ ਤੋਂ ਦੂਰੀ ਬਣਾਈ। ਹਾਲਾਂਕਿ ਇਨ੍ਹਾਂ ਸੰਸਦ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਮਿਲੀਆ ਪਰ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ ਦੀ ਅਹਿਮੀਅਤ ਇਹ ਵੀ ਸੀ ਕਿ ਜਿਥੇ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦੇ ਮੁਕਾਬਲੇ ਬਿਕਰਮ ਸਿੰਘ ਮਜੀਠੀਆ ਦੇ ਉਤਾਰਨ ਨਾਲ ਪਾਰਟੀ ਨੂੰ ਜਿਥੇ ਮਜਬੂਤੀ ਦੀ ਲੋੜ ਸੀ, ਉਥੇ ਕਾਂਗਰਸ ਦੀ ਅੰਦਰੂਨੀ ਫੁੱਟ ਸਾਫ ਨਜ਼ਰ ਆਈ।
ਮਾਝੇ ਤੇ ਦੋਆਬੇ ਵਿੱਚ ਬਗਾਵਤੀ ਸੁਰਾਂ ਵੱਡੀ ਚੁਣੌਤੀ
ਮਾਝੇ ਅਤੇ ਦੋਆਬੇ ਵਿੱਚ ਕਾਂਗਰਸ ਵਿੱਚ ਬਗਾਵਤੀ ਸੁਰਾਂ ਉਠ ਰਹੀਆਂ ਹਨ। ਜਿਥੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਆਪਣੇ ਬੇਟੇ ਨੂੰ ਸੁਲਤਾਨਪੁਰ ਲੋਧੀ ਤੋਂ ਟਿਕਟ ਨਾ ਮਿਲਣ ਕਰਕੇ ਖੁੱਲ੍ਹੀ ਬਗਾਵਤ ’ਤੇ ਉਤਰ ਆਏ ਉਥੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਬਟਾਲਾ ਸੀਟ ’ਤੇ ਆਪਣੇ ਬੇਟੇ ਨੂੰ ਟਿਕਟ ਲਈ ਲਾਬਿੰਗ ਕੀਤੀ ਤੇ ਨਾਲ ਹੀ ਵਿਰੋਧੀ ਸੁਰ ਅਪਣਾਏ। ਇਸੇ ਤਰ੍ਹਾਂ ਫਤਿਹਜੰਗ ਸਿੰਘ ਬਾਜਵਾ ਪਾਰਟੀ ਛੱਡ ਚੁੱਕੇ ਹਨ ਤੇ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਹਾਲਾਂਕਿ ਪਾਰਟੀ ਵਿੱਚ ਤੁਰੰਤ ਵਾਪਸੀ ਕਰ ਗਏ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ। ਇਸੇ ਤਰ੍ਹਾਂ ਰਾਣਾ ਗੁਰਜੀਤ ਸਿੰਘ ਨੇ ਭੁਲੱਥ ਤੋਂ ਸੁਖਪਾਲ ਖਹਿਰਾ ਵਿਰੁੱਧ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ। ਇਹ ਕਾਂਗਰਸ ਲਈ ਵੱਡੀ ਚੁਣੌਤੀਆਂ ਹਨ।
ਅਕਾਲੀ ਦਲ ਪਕੜ ਰਿਹੈ ਮਜਬੂਤੀ
ਮਾਝੇ ਵਿੱਚ ਅਕਾਲੀ ਦਲ ਦਿਨੋ ਦਿਨ ਮਜਬੂਤ ਹੁੰਦਾ ਨਜਰ ਆ ਰਿਹਾ ਹੈ ਤੇ ਦੂਜੇ ਪਾਸੇ ਕਾਂਗਰਸ ਵਿੱਚ ਇਸੇ ਖੇਤਰ ਵਿੱਚ ਅੰਦਰੂਨੀ ਵਿਰੋਧ ਹੈ। ਅਕਾਲੀ ਦਲ ਨੇ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਗੁਰਦਾਸਪੁਰ ਖੇਤਰ ਮਜਬੂਤ ਕੀਤਾ, ਉਥੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿੱਚ ਮੁੜ ਸ਼ਾਮਲ ਕਰਵਾ ਕੇ ਵੱਡਾ ਦਾਅ ਖੇਡਿਆ ਤੇ ਹੁਣ ਬਿਕਰਮ ਮਜੀਠੀਆ ਨੂੰ ਨਵਜੋਤ ਸਿੰਘ ਸਿੱਧੂ ਵਿਰੁੱਧ ਉਮੀਦਵਾਰ ਬਣਾ ਕੇ ਅੰਮ੍ਰਿਤਸਰ ਪੂਰਬੀ ਨੂੰ ਪੰਜਾਬ ਦੀ ਸਭ ਤੋਂ ਵੱਧ ਹੌਟ ਸੀਟ ਬਣਾ ਦਿੱਤਾ। ਅਜਿਹੇ ਵਿੱਚ ਮਾਝੇ ਦੇ ਮਜਬੂਤ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੀ ਰਾਹੁਲ ਗਾਂਧੀ ਦੀ ਫੇਰੀ ਦੌਰਾਨ ਗੈਰਮੌਜੂਦਗੀ ਪਾਰਟੀ ਲਈ ਕੋਈ ਚੰਗਾ ਸੰਕੇਤ ਨਹੀਂ ਹੈ।
ਮਾਝੇ ਤੇ ਦੋਆਬੇ ਵਿੱਚ 2017 ਵਿੱਚ ਕਾਂਗਰਸ ਨੇ ਬਣਾਈ ਸੀ ਵੱਡੀ ਪਕੜ
ਮਾਝਾ ਖੇਤਰ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਪ੍ਰਭਾਵਤ ਖੇਤਰ ਹੈ। ਇਸ ਖੇਤਰ ਵਿੱਚ ਹਾਲਾਂਕਿ ਕਾਂਗਰਸ ਸਿਫਰ ਨਹੀਂ ਹੋਈ ਪਰ 2017 ਵਿੱਚ ਇਸ ਖੇਤਰ ਵਿੱਚ ਪਾਰਟੀ ਨੇ ਕੁਲ 25 ਵਿੱਚੋਂ ਹੂੰਝਾ ਫੇਰੂ ਜਿੱਤ ਦਰਜ ਕਰਵਾਉਂਦਿਆਂ 22 ਸੀਟਾਂ ਹਾਸਲ ਕੀਤੀਆਂ ਸੀ। ਇਸ ਵਾਰ ਪਾਰਟੀ ਨੇ ਇਸ ਖੇਤਰ ਵਿੱਚੋਂ ਕੁਝ ਉਮੀਦਵਾਰ ਬਦਲੇ ਹਨ। ਇਸੇ ਤਰ੍ਹਾਂ ਦੋਆਬਾ ਦਲਿਤ ਪ੍ਰਭਾਵ ਵਾਲਾ ਖੇਤਰ ਹੈ। ਇਸ ਖੇਤਰ ਵਿੱਚ ਕੁਲ 23 ਸੀਟਾਂ ਹਨ ਤੇ ਕਾਂਗਰਸ ਨੇ ਦੋਆਬੇ ਵਿੱਚ 15 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਪੰਜਾਬ ਦੀ ਸੱਤਾ ਦਾ ਰਸਤਾ ਮਾਲਵੇ ਤੋਂ ਖੁਲ੍ਹਦਾ ਹੈ ਪਰ ਮਾਝੇ ਅਤੇ ਦੋਆਬੇ ਨੂੰ ਅੱਖੋਂ ਪਰੋਖਾ ਨਹੀਂ ਕੀਤਾ ਜਾ ਸਕਦਾ ਤੇ ਇੱਥੋਂ ਦੀਆਂ 48 ਸੀਟਾਂ ਵਿੱਚੋਂ ਵੀ ਜਿੱਤ ਹਾਸਲ ਕੀਤੇ ਬਿਨਾ ਕੋਈ ਪਾਰਟੀ ਆਪਣੇ ਦਮ ’ਤੇ ਇਕੱਲਿਆਂ ਸਰਕਾਰ ਨਹੀਂ ਬਣਾ ਸਕਦੀ।
ਰਾਹੁਲ ਫੇਰੀ ਦੇ ਮਾਇਨੇ
ਮਾਝੇ ਦੇ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਣਾ ਤੇ ਜੱਲ੍ਹਿਆਂ ਵਾਲੇ ਬਾਗ ’ਚ ਸ਼ਹੀਦੀ ਸਮਾਰਕ ’ਤੇ ਸ਼ਰਧਾਂਜਲੀ ਦੇਣਾ। ਇਸ ਤੋਂ ਇਲਾਵਾ ਰਾਮ ਤੀਰਥ ਮੰਦਰ ਮੱਥਾ ਟੇਕਣਾ ਕਈ ਸੁਨੇਹੇ ਦਿੰਦਾ ਹੈ। ਦਰਬਾਰ ਸਾਹਿਬ ਮੱਥਾ ਟੇਕਣ ਨਾਲ ਸਿੱਖਾਂ ਦੇ ਮਨਾਂ ਵਿੱਚ ਘਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਥੇ ਹੀ ਸ਼ਹੀਦਾਂ ਮੁਹਰੇ ਸ਼ੀਸ਼ ਨਿਵਾ ਕੇ ਦੇਸ਼ ਭਗਤੀ ਦਾ ਸੁਨੇਹਾ ਦਿੱਤਾ ਗਿਆ। ਇਸੇ ਤਰ੍ਹਾਂ ਰਾਮ ਤੀਰਥ ਮੰਦਰ ’ਚ ਮੱਥਾ ਟੇਕਣ ਨਾਲ ਦਲਿਤ ਭਾਈਚਾਰੇ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਗਈ ਹੈ।
ਨਹੀਂ ਪੁੱਜੇ ਸੰਸਦ ਮੈਂਬਰ, ਪਰ ਬਾਈਕਾਟ ਦਾ ਕੀਤਾ ਖੰਡਨ
ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦੇ ਪੰਜਾਬ ਚੋਣਾਂ ਦੌਰਾਨ ਦੌਰੇ ਮੌਕੇ ਸੂਬੇ ਦੇ ਕੁਲ ਅੱਠ ਵਿੱਚੋਂ ਪੰਜ ਸੰਸਦ ਮੈਂਬਰਾਂ ਦਾ ਗੈਰ ਹਾਜਰ (congress mps absent)ਰਹਿਣਾ ਪਾਰਟੀ ਲਈ ਸੁਭ ਸੰਕੇਤ ਨਹੀਂ ਹੈ। ਪੰਜ ਸੰਸਦ ਮੈਂਬਰਾਂ ਨੇ ਇਸ ਦੌਰੇ ਤੋਂ ਦੂਰੀ ਬਣਾਈ ਰੱਖੀ ਪਰ ਉਨ੍ਹਾਂ ਵੱਲੋਂ ਜਸਬੀਰ ਸਿੰਘ ਡਿੰਪਾ ਨੇ ਇਹ ਸਪਸ਼ਟ ਕੀਤਾ ਕਿ ਇਸ ਦੌਰੇ ਵਿੱਚ ਸਿਰਫ਼ ਉਮੀਦਵਾਰਾਂ ਨੂੰ ਬੁਲਾਇਆ ਗਿਆ ਸੀ ਤੇ ਇਸੇ ਕਾਰਨ ਉਹ ਨਹੀਂ ਪੁੱਜੇ। ਬਾਅਦ ਵਿੱਚ ਰਵਨੀਤ ਬਿੱਟੂ ਨੇ ਜਲੰਧਰ ਰੈਲੀ ਵਿੱਚ ਸ਼ਿਰਕਤ ਕੀਤੀ।
ਗੋਲੀਆਂ ਦੇ ਨਿਸ਼ਾਨ ਵੇਖੇ ਹੁੰਦੇ ਤਾਂ ਰਾਹੁਲ ਪਰਿਵਾਰ ਨੂੰ ਮਾਫੀ ਲਈ ਕਹਿੰਦੇ-ਸਿਰਸਾ
ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਨੇ ਰਾਹੁਲ ਗਾਂਧੀ ਦੀ ਸ੍ਰੀ ਹਰਮੰਦਿਰ ਸਾਹਿਬ ਫੇਰੀ ਬਾਰੇ ਟਵੀਟ ਕਰਕੇ ਆਪ੍ਰੇਸ਼ਨ ਬਲੂ ਸਟਾਰ ਸਬੰਧੀ ਵਿਅੰਗ ਕਸਦਿਆਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਨੇ ਦਰਬਾਰ ਸਾਹਿਬ ਵਿੱਚ ਗੋਲੀਆਂ ਦੇ ਨਿਸ਼ਾਨ ਵੇਖੇ ਹੁੰਦੇ ਤੇ ਉੱਥੇ ਚੀਕ-ਚਿਹਾੜਾ ਅਤੇ ਖੂਨੀ ਨਜ਼ਾਰਾ ਮਹਿਸੂਸ ਕੀਤਾ ਹੁੰਦਾ, ਤਾਂ ਉਹ ਸ਼ਰਮਿੰਦਾ ਹੋਇਆ ਹੋਣਾ ਚਾਹੀਦਾ ਸੀ ਅਤੇ ਪਰਿਵਾਰ ਦੀਆਂ ਗਲਤੀਆਂ ਲਈ ਮੁਆਫੀ ਮੰਗਦਾ।
ਮੁੱਖ ਮੰਤਰੀ ਚਿਹਰੇ ਦੇ ਐਲਾਨ ਦੀ ਵੀ ਉਡੀਕ
ਪੰਜਾਬ ਚੋਣਾਂ ਦੌਰਾਨ ਜਿੱਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਆਪੋ ਆਪਣੇ ਮੁੱਖ ਮੰਤਰੀ ਦੇ ਚਿਹਰਿਆਂ ਦਾ ਐਲਾਨ ਕਰ ਦਿੱਤਾ ਹੈ, ਉਥੇ ਕਾਂਗਰਸੀ ਵਰਕਰ, ਵਿਰੋਧੀ ਧਿਰਾਂ ਅਤੇ ਆਮ ਲੋਕ ਇਸ ਪਾਰਟੀ ਦੇ ਸੀਐਮ ਚਿਹਰੇ ਦੇ ਐਲਾਨ ਬਾਰੇ ਵੀ ਨਜਰਾਂ ਲਗਾਈ ਬੈਠੇ ਹਨ ਤੇ ਇਸੇ ਕਾਰਨ ਰਾਹੁਲ ਗਾਂਧੀ ਦੇ ਦੌਰੇ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਪੰਜਾਬ 'ਚ ਕਾਂਗਰਸ ਦਾ ਮੁੱਖ ਮੰਤਰੀ ਉਮੀਦਵਾਰ ਕੌਣ ਹੋਵੇਗਾ?
ਚੰਨੀ-ਸਿੱਧੂ ਵਿੱਚ ਹੈ ਜੰਗ
ਪੰਜਾਬ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਮੌਜੂਦਾ ਸੀਐਮ ਚਰਨਜੀਤ ਚੰਨੀ ਵਿੱਚ ਸੀਐਮ ਚਿਹਰੇ ਨੂੰ ਲੈ ਕੇ ਜੰਗ ਜਾਰੀ ਹੈ। ਜਿਸ ਕਾਰਨ ਕਾਂਗਰਸ ਧੜੇਬੰਦੀ ਵਿੱਚ ਫਸ ਗਈ ਹੈ। ਅਜਿਹੇ 'ਚ ਕਾਂਗਰਸੀ ਵੀ ਚਾਹੁੰਦੇ ਹਨ ਕਿ ਸੀ.ਐੱਮ ਦੇ ਚਿਹਰੇ 'ਤੇ ਸਥਿਤੀ ਸਪੱਸ਼ਟ ਹੋਵੇ ਤਾਂ ਜੋ ਚੋਣ ਕਿਸੇ ਇਕ ਦੀ ਅਗਵਾਈ 'ਚ ਹੀ ਲੜੀ ਜਾ ਸਕੇ। ਹਾਲਾਂਕਿ ਕਾਂਗਰਸ ਹਾਈਕਮਾਂਡ ਨੇ ਪਹਿਲਾਂ ਕਿਹਾ ਹੈ ਕਿ ਉਹ ਚੰਨੀ, ਸਿੱਧੂ ਅਤੇ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਂਝੀ ਅਗਵਾਈ ਹੇਠ ਚੋਣ ਲੜੇਗੀ।
ਉਮੀਦਵਾਰਾਂ ਦਾ ਐਲਾਨ ਵੀ ਬਾਕੀ
ਪਾਰਟੀ ਵੱਲੋਂ ਬਹੁਗਿਣਤੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਜਿਥੇ ਨਾਮਜਦਗੀਆਂ ਭਰਨ ਦੀ ਆਖਰੀ ਮਿਤੀ ਵਿੱਚ ਕੁਝ ਦਿਨ ਬਾਕੀ ਹਨ, ਉਥੇ ਅਜੇ 8 ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਰਾਹੁਲ ਗਾਂਧੀ ਦੇ ਪ੍ਰੋਗਰਾਮ ਵਿੱਚ ਸਾਰੇ 117 ਉਮੀਦਵਾਰਾਂ ਦੇ ਨਾਲ ਅੰਮ੍ਰਿਤਸਰ ਵਿੱਚ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣਾ ਸ਼ਾਮਲ ਸੀ ਪਰ ਅੱਠ ਉਮੀਦਵਾਰਾਂ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਰਾਹੁਲ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਛਕਿਆ ਲੰਗਰ