ਅੰਮ੍ਰਿਤਸਰ: ਪਿਛਲੇ ਲੰਬੇ ਸਮੇਂ ਤੋਂ ਦਿੱਲੀ ਬਾਰਡਰ ’ਤੇ ਕਿਸਾਨਾਂ ਵੱਲੋਂ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਈ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸੇ ਸੰਘਰਸ਼ ਦੀ ਭੇਂਟ ਇੱਕ ਹੋਰ ਕਿਸਾਨ ਚੜ ਗਿਆ।
ਦੱਸ ਦਈਏ ਕਿ ਹਲਕਾ ਮਜੀਠਾ ਦੇ ਰਹਿਣ ਵਾਲਾ ਇਕ ਕਿਸਾਨ ਜੋ ਕਿ ਬੀਤੀ ਦਿਨੀਂ ਕਿਸਾਨੀ ਸੰਘਰਸ਼ ਤੋਂ ਵਾਪਸ ਆਇਆ ਸੀ ਦੀ ਅਚਾਨਕ ਮੌਤ ਹੋ ਗਈ। ਮਾਮਲੇ ਸਬੰਧੀ ਜਦੋਂ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੂੰ ਪਤਾ ਲੱਗਾ ਤਾਂ ਉਹ ਮ੍ਰਿਤਕ ਕਿਸਾਨ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੇ ਅਤੇ ਕਿਸਾਨ ਦੀ ਮੌਤ ਦਾ ਦੁੱਖ ਜਤਾਇਆ।
ਕਿਸਾਨ ਪਰਿਵਾਰ ਦੀ ਕੀਤੀ ਜਾਵੇਗੀ ਮਦਦ
ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਪਿੰਡ ਦਾਦੂਪੁਰੇ ਦੇ ਕਿਸਾਨ ਮਹਿੰਦਰ ਸਿੰਘ ਜੋ ਕਿ ਪੰਥਕ ਸੋਚ ਦੇ ਮਾਲਕ ਸੀ। ਜਦੋ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਉਹ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਬੀਤੀ ਦਿਨ ਜਦੋ ਉਹ ਘਰ ਪਰਤੇ ਤਾਂ ਅਚਾਨਕ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਿਸਾਨ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਹੈ ਅਤੇ ਅੱਗੇ ਜੋ ਵੀ ਮਦਦ ਹੋਵੇਗੀ ਉਹ ਉਨ੍ਹਾਂ ਵੱਲੋਂ ਕੀਤੀ ਜਾਵੇਗੀ।
'30 ਸਾਲਾਂ ਦਾ ਤੋੜਿਆ ਗਠਜੋੜ'
ਮਜੀਠੀਆ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਬੇਰੁਖੀ ਦਾ ਰਵਈਆ ਵਰਤ ਰਹੀ ਹੈ ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਨ੍ਹੀਂ ਘੱਟ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨੀ ਮੁੱਦੇ ਨੂੰ ਮੁੱਖ ਰੱਖਦਿਆਂ ਹੀ 30 ਸਾਲ ਪੁਰਾਣਾ ਗਠਜੋੜ ਤੋੜਿਆ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਵੀ ਦਿੱਤਾ ਗਿਆ। ਹੁਣ ਵੀ ਸੰਸਦ ਚ ਭਾਜਪਾ ਸਰਕਾਰ ਬਹੁਮਤ ਦੇ ਚੱਲਦਿਆ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ।