ਮੁੰਬਈ: ਅਮਰੀਕੀ ਬਾਜ਼ਾਰਾਂ 'ਚ ਮਹੱਤਵਪੂਰਨ ਵਾਧੇ ਅਤੇ ਇੰਫੋਸਿਸ, ਟਾਟਾ ਸਟੀਲ ਅਤੇ ਸਟੇਟ ਬੈਂਕ ਆਫ ਇੰਡੀਆ ਵਰਗੇ ਵੱਡੇ ਸ਼ੇਅਰਾਂ 'ਚ ਵਾਧੇ ਕਾਰਨ ਸੈਂਸੈਕਸ ਵੀਰਵਾਰ ਨੂੰ 651 ਅੰਕਾਂ 'ਤੇ ਚੜ੍ਹ ਗਿਆ। ਪਿਛਲੇ ਸੈਸ਼ਨ 'ਚ ਬੁੱਧਵਾਰ ਨੂੰ ਸੈਂਸੈਕਸ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 650.9 ਅੰਕ ਵੱਧ ਕੇ 56,319.93 'ਤੇ ਖੁੱਲ੍ਹਿਆ, ਜਦੋਂ ਕਿ ਐਨਐਸਈ ਨਿਫਟੀ 185.65 ਅੰਕ ਵੱਧ ਕੇ 16,863.25 'ਤੇ ਖੁੱਲ੍ਹਿਆ। ਟੈੱਕ ਮਹਿੰਦਰਾ, ਟਾਟਾ ਸਟੀਲ, ਇੰਫੋਸਿਸ, ਸਟੇਟ ਬੈਂਕ ਆਫ ਇੰਡੀਆ, ਕੋਟਕ ਮਹਿੰਦਰਾ ਬੈਂਕ ਅਤੇ ਐੱਮਐਂਡਐੱਮ ਸੈਂਸੈਕਸ 'ਚ ਸਭ ਤੋਂ ਵੱਧ ਲਾਭ ਲੈਣ ਵਾਲੇ ਸਨ। ਦੂਜੇ ਪਾਸੇ, ਨੇਸਲੇ ਅਤੇ ਟਾਈਟਨ ਲਾਲ ਰੰਗ ਵਿੱਚ ਸਨ।
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਰੈਪੋ ਦਰ ਵਧਾਉਣ ਦੇ ਫੈਸਲੇ ਤੋਂ ਬਾਅਦ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ। ਮੁੱਖ ਤੌਰ 'ਤੇ ਮਹਿੰਗਾਈ ਨੂੰ ਕੰਟਰੋਲ 'ਚ ਲਿਆਉਣ ਲਈ ਕੇਂਦਰੀ ਬੈਂਕ ਨੇ ਰੈਪੋ ਦਰ ਨੂੰ 0.40 ਫੀਸਦੀ ਵਧਾ ਕੇ 4.40 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ 30 ਸ਼ੇਅਰਾਂ 'ਤੇ ਆਧਾਰਿਤ ਬੀ.ਐੱਸ.ਈ. ਸੈਂਸੈਕਸ 1,306.96 ਜਾਂ 2.29 ਫੀਸਦੀ ਦੀ ਗਿਰਾਵਟ ਨਾਲ 55,669.03 ਅੰਕ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 391.50 ਅੰਕ ਭਾਵ 2.29 ਫੀਸਦੀ ਡਿੱਗ ਕੇ 16,677.60 'ਤੇ ਬੰਦ ਹੋਇਆ।
ਇਸ ਦੌਰਾਨ ਅੰਤਰਰਾਸ਼ਟਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 0.48 ਫੀਸਦੀ ਵੱਧ ਕੇ 110.67 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ। ਸਟਾਕ ਮਾਰਕੀਟ ਦੇ ਆਰਜ਼ੀ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ ਸ਼ੁੱਧ ਆਧਾਰ 'ਤੇ 3,288.18 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ।
ਇਹ ਵੀ ਪੜ੍ਹੋ: RBI ਵੱਲੋਂ ਵਿਆਜ ਦਰਾਂ ਵਿੱਚ ਹੋਰ ਵਾਧੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ: ਸੁਨੀਲ ਸਿਨਹਾ