ਮੁੰਬਈ: ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਰੁਝਾਨ ਅੱਜ ਵੀ ਜਾਰੀ ਰਿਹਾ ਹੈ। ਸੋਮਵਾਰ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਕਿ ਅੱਜ ਬਾਜ਼ਾਰ ਥੋੜ੍ਹਾ ਉੱਤੇ ਜਾਵੇਗਾ ਪਰ ਲੋਕਾਂ ਦੇ ਨਿਰਾਸ਼ਾ ਹੀ ਹੱਥ ਲੱਗੀ। ਅੱਜ ਵੀ ਬਾਜ਼ਾਰ ਦੀ ਚਾਲ ਸੁਸਤ ਨਜ਼ਰ ਆ ਰਹੀ ਹੈ। ਸ਼ੁਰੂਆਤੀ ਸੈਸ਼ਨ 'ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਦੇ ਸੰਕੇਤਾਂ ਤੋਂ ਸਾਫ ਹੈ ਕਿ ਅੱਜ ਵੀ ਇਸ ਦੀ ਰਫਤਾਰ ਹੌਲੀ ਹੀ ਰਹਿਣ ਵਾਲੀ ਹੈ।
ਕਿਵੇਂ ਖੁੱਲ੍ਹੇਗਾ ਬਾਜ਼ਾਰ ਅਤੇ ਕੀ ਹੈ ਹਾਲ
ਅੱਜ ਬਾਜ਼ਾਰ ਦੀ ਸ਼ੁਰੂਆਤ ਦੇ ਸ਼ੁਰੂਆਤੀ ਮਿੰਟਾਂ 'ਚ ਹੀ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 'ਚ ਸ਼ੁਰੂਆਤ ਦੇ ਤੁਰੰਤ ਬਾਅਦ 882 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਨਿਫਟੀ 17,000 ਦੇ ਪੱਧਰ 'ਤੇ ਖੁੱਲ੍ਹਿਆ ਹੈ।
ਬਾਜ਼ਾਰ ਖੁੱਲ੍ਹਣ ਦੇ 15 ਮਿੰਟ ਬਾਅਦ ਕਾਰੋਬਾਰ
ਬਾਜ਼ਾਰ ਖੁੱਲ੍ਹਣ ਦੇ 15 ਮਿੰਟ ਬਾਅਦ ਰਾਤ 9.30 ਵਜੇ ਨਿਫਟੀ 167.80 ਅੰਕ ਜਾਂ 0.98 ਫੀਸਦੀ ਦੀ ਗਿਰਾਵਟ ਤੋਂ ਬਾਅਦ 16,981 'ਤੇ ਕਾਰੋਬਾਰ ਕਰ ਰਿਹਾ ਹੈ। ਹੁਣ ਨਿਫਟੀ 'ਚ 1 ਫੀਸਦੀ ਤੋਂ ਵੀ ਘੱਟ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਪ੍ਰੀ ਓਪਨਿੰਗ ’ਚ ਬਾਜ਼ਾਰ
ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਸੈਂਸੈਕਸ 335.5 ਅੰਕ ਭਾਵ 0.58 ਫੀਸਦੀ ਦੀ ਗਿਰਾਵਟ ਤੋਂ ਬਾਅਦ 57,156 'ਤੇ ਕਾਰੋਬਾਰ ਕਰ ਰਿਹਾ ਸੀ ਅਤੇ ਨਿਫਟੀ ਵੀ 17,000 ਤੋਂ ਹੇਠਾਂ ਦੇ ਪੱਧਰ ’ਤੇ ਦਿਖਾਈ ਦੇ ਰਿਹਾ ਸੀ।
ਸਟਾਕ ਬਾਜ਼ਾਰਾਂ ਲਈ ਦੋ ਮਹੀਨਿਆਂ ਦਾ ਸਭ ਤੋਂ ਖਰਾਬ ਦਿਨ, ਸੈਂਸੈਕਸ 1,546 ਅੰਕ ਡਿੱਗਿਆ
ਘਰੇਲੂ ਸ਼ੇਅਰ ਬਾਜ਼ਾਰ 'ਚ ਸੋਮਵਾਰ ਨੂੰ ਕਰੀਬ ਦੋ ਮਹੀਨਿਆਂ 'ਚ ਕਿਸੇ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਕਮਜ਼ੋਰ ਗਲੋਬਲ ਰੁਖ ਦੇ ਵਿਚਕਾਰ ਘਰੇਲੂ ਬਜ਼ਾਰ ਵਿੱਚ ਸਭ ਤੋਂ ਵੱਧ ਵਿਕਰੀ ਦੇ ਨਾਲ ਬੀਐਸਈ ਸੈਂਸੈਕਸ 1,546 ਅੰਕ ਡਿੱਗ ਕੇ 58,000 ਦੇ ਅੰਕ ਤੋਂ ਹੇਠਾਂ ਆ ਗਿਆ। ਬੀ.ਐੱਸ.ਈ. ਸੈਂਸੈਕਸ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਅਤੇ ਇਕ ਸਮੇਂ ਇਹ ਵਿਕਣ ਦੇ ਦਬਾਅ ਕਾਰਨ 2,050 ਅੰਕਾਂ ਤੋਂ ਜ਼ਿਆਦਾ ਡਿੱਗ ਕੇ 56,984 ਅੰਕਾਂ ਦੇ ਪੱਧਰ 'ਤੇ ਪਹੁੰਚ ਗਿਆ, ਪਰ ਬਾਅਦ 'ਚ ਇਸ 'ਚ ਕੁਝ ਸੁਧਾਰ ਹੋਇਆ ਅਤੇ ਆਖਰਕਾਰ ਇਹ 1,545.67 ਅੰਕ ਜਾਂ 2.62 ਫੀਸਦੀ ਡਿੱਗ ਕੇ 57,491.51 'ਤੇ ਬੰਦ ਹੋਇਆ।
ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 468.05 ਅੰਕ ਜਾਂ 2.66 ਫੀਸਦੀ ਦੀ ਗਿਰਾਵਟ ਨਾਲ 17,149.10 'ਤੇ ਬੰਦ ਹੋਇਆ। ਪਿਛਲੇ ਸਾਲ 26 ਨਵੰਬਰ ਤੋਂ ਬਾਅਦ ਇੱਕ ਦਿਨ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਇਹ ਸਭ ਤੋਂ ਵੱਡੀ ਗਿਰਾਵਟ ਹੈ। ਇਹ ਲਗਾਤਾਰ ਪੰਜਵਾਂ ਕਾਰੋਬਾਰੀ ਸੈਸ਼ਨ ਹੈ ਜਦੋਂ ਬਾਜ਼ਾਰ ਹੇਠਾਂ ਆਇਆ ਹੈ। ਟਾਟਾ ਸਟੀਲ ਦੇ ਸਟਾਕ 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ, ਜੋ ਕਰੀਬ ਛੇ ਫੀਸਦੀ ਡਿੱਗਿਆ। ਇਸ ਤੋਂ ਇਲਾਵਾ ਬਜਾਜ ਫਾਈਨਾਂਸ, ਵਿਪਰੋ, ਟੈਕ ਮਹਿੰਦਰਾ, ਟਾਈਟਨ, ਰਿਲਾਇੰਸ ਇੰਡਸਟਰੀਜ਼ ਅਤੇ ਐਚਸੀਐਲ ਟੈਕ ਵੀ ਵੱਡੇ ਘਾਟੇ ਵਾਲੇ ਸੀ।
ਜੂਲੀਅਸ ਬੇਅਰ ਦੇ ਕਾਰਜਕਾਰੀ ਨਿਰਦੇਸ਼ਕ ਮਿਲਿੰਦ ਮੁਚਲਾ ਨੇ ਕਿਹਾ, “ਭਾਰਤੀ ਬਾਜ਼ਾਰ ਪਿਛਲੇ ਕੁਝ ਦਿਨਾਂ ਤੋਂ ਕਾਫੀ ਦਬਾਅ ਹੇਠ ਹਨ। ਇਹ ਹਾਲ ਹੀ ਦੇ ਉੱਚੇ ਪੱਧਰ ਤੋਂ 7 ਫੀਸਦ ਹੇਠਾਂ ਹੈ... ਗਿਰਾਵਟ ਚਾਰੇ ਪਾਸੇ ਹੈ। ਹਾਲੀਆ ਆਈਪੀਓ ਵਾਲੀਆਂ ਨਵੀਂ ਉਮਰ ਦੀਆਂ ਕੰਪਨੀਆਂ ਵਿੱਚ ਇਹ ਗਿਰਾਵਟ ਵਧੇਰੇ ਤੀਬਰ ਹੈ। ਉਨ੍ਹਾਂ ਕਿਹਾ ਕਿ ਗਲੋਬਲ ਬਾਜ਼ਾਰਾਂ 'ਚ ਮਹਿੰਗਾਈ ਨੂੰ ਲੈ ਕੇ ਚਿੰਤਾ ਹੈ। ਇਸ ਦੇ ਨਾਲ ਹੀ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਨੀਤੀਗਤ ਦਰ ਵਧਾਉਣ ਦੀ ਚਿੰਤਾ ਵੀ ਹੈ, ਜਿਸ ਕਾਰਨ ਦੁਨੀਆ ਦੇ ਹੋਰ ਪ੍ਰਮੁੱਖ ਬਾਜ਼ਾਰਾਂ 'ਚ ਗਿਰਾਵਟ ਦੇ ਨਾਲ-ਨਾਲ ਘਰੇਲੂ ਬਾਜ਼ਾਰ ਵੀ ਹੇਠਾਂ ਆ ਗਏ ਹਨ।
ਜਿਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਗਲੋਬਲ ਬਾਜ਼ਾਰਾਂ 'ਚ ਵਿਕਰੀ, ਕਮਜ਼ੋਰ ਤਿਮਾਹੀ ਵਿੱਤੀ ਨਤੀਜੇ ਅਤੇ ਪ੍ਰੀ-ਬਜਟ ਪੈਨਿਕ ਕਾਰਨ ਘਰੇਲੂ ਬਾਜ਼ਾਰ 'ਚ ਭਾਰੀ ਵਿਕਰੀ ਹੋਈ। ਕੱਲ੍ਹ ਤੋਂ ਐਫਓਐਮਸੀ (ਫੈਡਰਲ ਓਪਨ ਮਾਰਕੀਟ ਕਮੇਟੀ) ਦੀ ਮੀਟਿੰਗ ਤੋਂ ਪਹਿਲਾਂ ਧਾਰਨਾ 'ਤੇ ਮਾੜਾ ਅਸਰ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਨਿਵੇਸ਼ਕ ਨੂੰ ਐਫਓਐਮਸੀ ਦੀ ਦੋ ਦਿਨਾਂ ਮੀਟਿੰਗ ਦੇ ਨਤੀਜੇ ਦੀ ਉਡੀਕ ਕਰ ਰਹੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਫੈਡਰਲ ਰਿਜ਼ਰਵ ਨੀਤੀਗਤ ਦਰ ਵਿੱਚ ਵਾਧੇ ਬਾਰੇ ਸਪੱਸ਼ਟ ਸੰਕੇਤ ਦੇਵੇਗਾ।
ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਹਾਂਗਕਾਂਗ ਦਾ ਹੈਂਗ ਸੇਂਗ, ਦੱਖਣੀ ਕੋਰੀਆ ਦਾ ਕੋਸਪੀ ਲਾਲ ਰੰਗ 'ਚ ਰਿਹਾ, ਜਦਕਿ ਜਾਪਾਨ ਦਾ ਨਿੱਕੇਈ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਚੜ੍ਹਿਆ ਰਿਹਾ। ਯੂਰਪ ਦੇ ਪ੍ਰਮੁੱਖ ਬਾਜ਼ਾਰਾਂ 'ਚ ਦੁਪਹਿਰ ਦੇ ਕਾਰੋਬਾਰ 'ਚ ਗਿਰਾਵਟ ਦਾ ਰੁਝਾਨ ਰਿਹਾ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.32 ਫੀਸਦੀ ਵਧ ਕੇ 88.17 ਡਾਲਰ ਪ੍ਰਤੀ ਬੈਰਲ ਹੋ ਗਿਆ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਵਟਾਂਦਰਾ ਦਰ 17 ਪੈਸੇ ਡਿੱਗ ਕੇ 74.60 ਦੇ ਪੱਧਰ 'ਤੇ ਬੰਦ ਹੋਈ।
ਸਟਾਕ ਮਾਰਕੀਟ ਦੇ ਅੰਕੜਿਆਂ ਦੇ ਮੁਤਾਬਿਕ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਪੂੰਜੀ ਬਾਜ਼ਾਰ ਵਿੱਚ ਸ਼ੁੱਧ ਵਿਕਰੇਤਾ ਸੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ 3,148.58 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਇਹ ਵੀ ਪੜੋ: ਫਿਨਟੇਕ ਐਪਸ ਤੋਂ ਲੋਨ ਲੈਣ ਤੋਂ ਪਹਿਲਾਂ ਸਾਵਧਾਨ ! ਹੋ ਸਕਦਾ ਹੈ ਧੋਖਾ