ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਨਿੱਚਰਵਾਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਦੂਜਾ ਬਜਟ ਪੇਸ਼ ਕਰ ਦਿੱਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਜਟ ਭਾਸ਼ਣ ਇੰਨਾ ਲੰਬਾ ਸੀ ਕਿ ਉਹ ਆਪਣਾ ਪੂਰਾ ਭਾਸ਼ਣ ਨਹੀਂ ਪੜ੍ਹ ਸਕੀ। ਬਜਟ ਭਾਸ਼ਣ ਦੌਰਾਨ ਸੀਤਾਰਮਨ ਦੀ ਸਿਹਤ ਵਿਗੜਦੀ ਨਜ਼ਰ ਆਈ। ਉਹ ਪੂਰਾ ਬਜਟ ਭਾਸ਼ਣ ਨਹੀਂ ਪੜ੍ਹ ਸਕੀ ਅਤੇ ਵਿਚਕਾਰ ਹੀ ਬੈਠ ਗਈ। ਇਸ ਦੌਰਾਨ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਸੰਭਾਲਦੀ ਹੋਈ ਨਜ਼ਰ ਆਈ।
ਦਰਅਸਲ ਲਗਾਤਾਰ 2 ਘੰਟੇ 41 ਮਿੰਟ ਸੰਸਦ ਵਿੱਚ ਭਾਸ਼ਣ ਦੇਣ ਤੋਂ ਬਾਅਦ ਉਸ ਦੀ ਸਿਹਤ ਅਚਾਨਕ ਵਿਗੜ ਗਈ। ਸੀਤਾਰਮਨ ਕਰੀਬ 2 ਪੇਜ ਬਿਨਾਂ ਪੜ੍ਹਿਆਂ ਹੀ ਬੈਠ ਗਈ। ਆਪਣੇ ਬਜਟ ਭਾਸ਼ਣ ਦੇ ਆਖ਼ਰੀ ਹਿੱਸੇ 'ਚ ਉਨ੍ਹਾਂ ਨੇ ਕਈ ਵਾਰ ਪਾਣੀ ਪੀਤਾ। ਉਨ੍ਹਾਂ ਦੀ ਆਵਾਜ਼ ਲੜਖੜਾਉਂਦੀ ਨਜ਼ਰ ਆਈ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਉੱਠ ਕੇ ਉਨ੍ਹਾਂ ਕੋਲ ਆਈ। ਇਸ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਚਾਹੁਣ ਤਾਂ ਬੈਠ ਜਾਣ। ਜਵਾਬ 'ਚ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਦੋ ਹੀ ਪੇਜ ਬਚੇ ਹਨ, ਮੈਂ ਪੜ੍ਹ ਲਵਾਂਗੀ ਪਰ ਕੁਝ ਦੇਰ ਬਾਅਦ ਉਹ ਸਪੀਕਰ ਦੀ ਆਗਿਆ ਮੰਗ ਕੇ ਬੈਠ ਗਈ।