ਨਵੀਂ ਦਿੱਲੀ: ਆਰਥਿਕ ਮੰਦੀ ਅਤੇ ਕੋਰੋਨਾ ਸੰਕਟ ਕਾਰਨ ਭਾਰਤੀ ਆਰਥਿਕਤਾ ਦੀ ਰਫਤਾਰ ਪਿਛਲੇ 11 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ। ਅੰਕੜਾ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2019 ਵਿੱਚ 20% ਵਿੱਚ ਜੀਡੀਪੀ ਵਿਕਾਸ ਦਰ ਪਿਛਲੇ ਸਾਲ ਦੇ 6.1% ਤੋਂ ਘੱਟ ਕੇ 4.2% ਰਹਿ ਗਈ ਹੈ, ਜੋ ਕਿ 2014 ਵਿੱਚ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਭ ਤੋਂ ਘੱਟ ਹੈ। 2019-20 ਦੀ ਆਖ਼ਰੀ ਤਿਮਾਹੀ ਵਿੱਚ ਭਾਵ ਜਨਵਰੀ ਤੋਂ ਮਾਰਚ 2020 ਤੱਕ, ਜੀਡੀਪੀ ਦੀ ਗਤੀ ਸਿਰਫ 3.1% 'ਤੇ ਆ ਗਈ ਹੈ।
ਇਹ ਅੰਕੜੇ ਦਰਸਾਉਂਦੇ ਹਨ ਕਿ ਭਾਰਤ ਵਿਚ ਕੋਰੋਨਾ ਸੰਕਟ ਵਧਣ ਤੋਂ ਪਹਿਲਾਂ ਹੀ ਆਰਥਿਕਤਾ ਕਮਜ਼ੋਰ ਹੋ ਰਹੀ ਸੀ ਤੇ ਤਾਲਾਬੰਦੀ ਕਾਰਨ ਇਹ 2020-21 ਦੀ ਪਹਿਲੀ ਤਿਮਾਹੀ ਵਿੱਚ ਅਰਥਵਿਵਸਥਾ 'ਤੇ ਹੋਰ ਪ੍ਰਭਾਵ ਦੇਖਣ ਨੂੰ ਮਿਲੇਗਾ ਤੇ ਗਿਰਾਵਟ ਵੀ ਹੋਰ ਵਧੇਗੀ। ਸ਼ੁੱਕਰਵਾਰ ਨੂੰ ਵਣਜ ਮੰਤਰਾਲੇ ਨੇ ਅਪ੍ਰੈਲ 2020 ਵਿੱਚ ਤਾਲਾਬੰਦੀ ਦੌਰਾਨ 8 ਕੋਰ ਉਦਯੋਗਾਂ ਦੀ ਸਥਿਤੀ ਬਾਰੇ ਅੰਕੜੇ ਜਾਰੀ ਕੀਤੇ।
8 ਕੋਰ ਉਦਯੋਗਾਂ ਦਾ ਇੰਡੈਕਸ ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2020 ਵਿੱਚ 38.1% ਘਟਿਆ। ਤਾਲਾਬੰਦੀ ਕਾਰਨ ਅਪ੍ਰੈਲ 2020 ਵਿੱਚ ਕੋਲਾ, ਸਟੀਲ ਤੇ ਸੀਮੈਂਟ ਦਾ ਉਤਪਾਦਨ ਬਹੁਤ ਘੱਟ ਗਿਆ ਸੀ। ਸਟੀਲ ਦੇ ਉਤਪਾਦਨ ਵਿੱਚ 83.9% ਅਤੇ ਸੀਮੈਂਟ ਦੇ ਉਤਪਾਦਨ ਵਿੱਚ 86% ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ: ਟਰੰਪ ਬਨਾਮ ਸੋਸ਼ਲ ਮੀਡਿਆ: ਰਾਸ਼ਟਰਪਤੀ ਨੇ ਮੀਡਿਆ ਵਿਰੁੱਧ ਅਪਣਾਇਆ ਸਾਸ਼ਕੀ ਰੁਖ
ਇੰਡਸਟਰੀਅਲ ਏਰੀਆ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਅਰੋੜਾ ਨੇ ਕਿਹਾ, ‘ਇਥੇ ਕੰਪਨੀਆਂ ਦੀ ਕਾਰਜਸ਼ੀਲ ਪੂੰਜੀ ਨਹੀਂ ਹੈ, ਸੰਕਟ ਵੱਡਾ ਹੈ। ਉਤਪਾਦਨ ਕਿਵੇਂ ਹੋਵੇਗਾ ਜੇ ਫੈਕਟਰੀਆਂ ਬੰਦ ਹੋਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਤੋਂ ਨਵਾਂ ਰਾਹਤ ਪੈਕੇਜ ਚਾਹੀਦਾ ਹੈ, ਸਾਨੂੰ ਜੀਐਸਟੀ ਤੋਂ ਰਾਹਤ ਦੀ ਲੋੜ ਹੈ।
ਕੋਰੋਨਾ ਸੰਕਟ ਅਤੇ ਤਾਲਾਬੰਦੀ ਦਾ ਸਿੱਧਾ ਅਸਰ ਜਦੋਂ 2020-21 ਦੀ ਪਹਿਲੀ ਤਿਮਾਹੀ ਦੇ ਨਤੀਜੇ ਵੇਖੇ ਜਾਣਗੇ, ਉਦੋਂ ਆਰਥਿਕ ਸੰਕਟ ਦੀ ਅਸਲ ਤਸਵੀਰ ਸਾਹਮਣੇ ਆਵੇਗੀ।
ਰਿਜ਼ਰਵ ਬੈਂਕ ਆਫ ਇੰਡੀਆ ਨੇ ਸਾਲ 2019- 20 ਵਿੱਚ ਆਰਥਿਕ ਵਾਧਾ ਦਰ 5 ਪ੍ਰਤੀਸ਼ਤ ਰਹਿਣ ਦਾ ਕਿਆਸ ਲਗਾਇਆ ਸੀ। ਐਨਐਸਓ ਨੇ ਇਸ ਸਾਲ ਜਨਵਰੀ ਅਤੇ ਫਰਵਰੀ ਵਿੱਚ ਜਾਰੀ ਕੀਤੇ ਪਹਿਲੇ ਅਤੇ ਦੂਜੇ ਪੇਸ਼ਗੀ ਅਨੁਮਾਨਾਂ ਵਿੱਚ 5 ਪ੍ਰਤੀਸ਼ਤ ਦੀ ਵਿਕਾਸ ਦਰ ਦਾ ਅਨੁਮਾਨ ਲਾਇਆ ਸੀ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਜਨਵਰੀ-ਮਾਰਚ 2020 ਦੌਰਾਨ ਚੀਨ ਦੀ ਆਰਥਿਕਤਾ ਵਿੱਚ 6.8 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।