ਨਵੀਂ ਦਿੱਲੀ: ਡਿਜੀਟਲ ਵਿੱਤੀ ਸੇਵਾਵਾਂ ਵਾਲੀ ਕੰਪਨੀ ਪੇਟੀਐਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ 31 ਮਾਰਚ ਨੂੰ ਖ਼ਤਮ ਹੋਏ ਵਿੱਤੀ ਵਰ੍ਹੇ ਦੌਰਾਨ ਇਸ ਦੀ ਆਮਦਨ ਵਧ ਕੇ 3,629 ਕਰੋੜ ਰੁਪਏ ਹੋ ਗਈ ਹੈ।
ਕੰਪਨੀ ਨੇ ਕਿਹਾ ਕਿ ਸਾਲ-ਦਰ-ਸਾਲ ਦੇ ਆਧਾਰ 'ਤੇ ਇਸ ਦਾ ਘਾਟਾ 40 ਫ਼ੀਸਦੀ ਘਟਿਆ ਹੈ।
ਪੇਟੀਐਮ ਨੇ ਇੱਕ ਬਿਆਨ ਵਿੱਚ ਕਿਹਾ, 'ਅਸੀਂ ਆਪਣੇ ਵਪਾਰੀ ਭਾਈਵਾਲਾਂ ਲਈ ਡਿਜੀਟਲ ਸੇਵਾਵਾਂ ਬਣਾਉਣ ਵਿੱਚ ਭਾਰੀ ਨਿਵੇਸ਼ ਕਰ ਰਹੇ ਹਾਂ।'
ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸੇਵਾਵਾਂ ਅਤੇ ਵਿਕਰੀ ਉਪਕਰਣਾਂ ਤੋਂ ਲੈਣ-ਦੇਣ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਖ਼ਰਚਿਆਂ ਵਿੱਚ ਕਮੀ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਘਾਟੇ ਵਿੱਚ 40 ਫ਼ੀਸਦੀ ਕਮੀ ਆਈ ਹੈ।
ਪੇਟੀਐਮ ਦੇ ਮੁਖੀ ਮਧੁਰ ਦੇਵੜਾ ਨੇ ਕਿਹਾ ਕਿ ਕੰਪਨੀ ਦਾ ਟੀਚਾ 2022 ਤੱਕ ਕੰਪਨੀ ਨੂੰ ਮੁਨਾਫ਼ੇ 'ਚ ਲਿਆਉਣਾ ਹੈ।
ਕੰਪਨੀ ਨੇ ਕਿਹਾ ਕਿ ਉਸਨੇ ਛੋਟੇ ਤੇ ਦਰਮਿਆਨੇ ਆਕਾਰ ਦੇ ਉੱਦਮੀਆਂ (ਐਸ.ਐਮ.ਈ.), ਕਰਿਆਨੇ ਦੀਆਂ ਦੁਕਾਨਾਂ ਆਦਿ ਦੀ ਮੰਗ ਦੇ ਮੱਦੇਨਜ਼ਰ ਐਂਡਰਾਇਡ ਅਧਾਰਿਤ ਪੁਆਇੰਟ ਆਫ਼ ਸੇਲ (ਪੀਓਐਸ) ਉਪਕਰਣਾਂ ਦੇ 2 ਲੱਖ ਯੂਨਿਟ ਵੇਚੇ ਹਨ।