ਨਵੀਂ ਦਿੱਲੀ: ਇੰਡੀਗੋ ਨੇ ਸ਼ੁੱਕਰਵਾਰ ਨੂੰ ਇੱਕ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਉਹ ਲੋਕ ਜੋ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਨ, ਇੱਕ ਯਾਤਰੀ ਲਈ ਦੋ ਸੀਟਾਂ ਬੁੱਕ ਕਰਵਾ ਸਕਦੇ ਹਨ।
ਏਅਰ ਲਾਈਨ ਨੇ ਇੱਕ ਬਿਆਨ ਵਿੱਚ ਕਿਹਾ, "ਵਾਧੂ ਸੀਟਾਂ ਦੀ ਫੀਸ ਮੂਲ ਬੁਕਿੰਗ ਖਰਚੇ ਦੇ 25 ਪ੍ਰਤੀਸ਼ਤ ਤੱਕ ਹੋਵੇਗਾ। ਇਹ ਪੇਸ਼ਕਸ਼ 24 ਜੁਲਾਈ, 2020 ਤੋਂ ਲਾਗੂ ਹੋਵੇਗੀ।"
ਇੰਡੀਗੋ ਨੇ ਕਿਹਾ ਕਿ ‘6 ਈ ਡਬਲ ਸੀਟ’ ਯੋਜਨਾ ਯਾਤਰਾ ਪੋਟਲ, ਇੰਡੀਗੋ ਕਾਲ ਸੈਂਟਰ ਜਾਂ ਏਅਰਪੋਰਟ ਕਾਊਟਰਾਂ ਰਾਹੀਂ ਉਪਲਬਧ ਨਹੀਂ ਹੋਵੇਗੀ। ਇਸ ਯੋਜਨਾ ਦਾ ਲਾਭ ਸਿਰਫ ਇੰਡੀਗੋ ਦੀ ਵੈਬਸਾਈਟ ਤੋਂ ਹੀ ਲਿਆ ਜਾ ਸਕਦਾ ਹੈ।
ਦਰਅਸਲ, ਇੰਡੀਗੋ ਨੇ 20 ਜੂਨ ਤੋਂ 28 ਜੂਨ ਦੇ ਵਿਚਕਾਰ 25,000 ਯਾਤਰੀਆਂ ਦੇ ਵਿੱਚ ਇੱਕ ਆਨਲਾਈਨ ਸਰਵੇ ਕੀਤਾ ਸੀ, ਜਿਸ ਵਿੱਚ ਯਾਤਰੀਆਂ ਨੇ ਸਮਾਜਿਕ ਦੂਰੀ ਦੀ ਘਾਟ ਨੂੰ ਇੱਕ ਵੱਡੀ ਚਿੰਤਾ ਦੱਸਿਆ ਹੈ।
ਸਰਵੇਖਣ ਵਿੱਚ ਕਿਹਾ ਗਿਆ ਹੈ ਕਿ 62 ਪ੍ਰਤੀਸ਼ਤ ਲੋਕਾਂ ਨੇ ਸਮਾਜਿਕ ਦੂਰੀ ਨੂੰ ਇੱਕ ਵੱਡੀ ਚਿੰਤਾ ਦੱਸਿਆ ਹੈ। ਇੰਡੀਗੋ ਦੀ ਮੁੱਖ ਰਣਨੀਤੀ ਅਤੇ ਆਮਦਨ ਅਧਿਕਾਰੀ ਸੰਜੇ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ,"ਹਵਾਈ ਯਾਤਰਾ ਇਸ ਸਮੇਂ ਸਭ ਤੋਂ ਸੁਰੱਖਿਅਤ ਤਰੀਕਾ ਹੈ, ਪਰ ਅਸੀਂ ਗਾਹਕਾਂ ਦੀ ਸੁਰੱਖਿਆ ਦੀ ਭਾਵਨਾਤਮਕ ਜ਼ਰੂਰਤ ਨੂੰ ਸਮਝਦੇ ਹਾਂ।"