ਨਵੀਂ ਦਿੱਲੀ : ਘਾਟੇ ਵਿੱਚ ਚੱਲ ਰਹੀ ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਡ ਨੂੰ 80,000 ਕਰਮਚਾਰੀਆਂ ਦੇ ਵੀਆਰਐੱਸ ਭਾਵ ਕਿ ਸਵੈ-ਇਛੁੱਕ ਰਿਟਾਇਰਮੈਂਟ ਸਕੀਮ ਦਾ ਵਿਕਲਪ ਚੁਣਨ ਦੀ ਉਮੀਦ ਹੈ, ਜਿਸ ਨਾਲ ਕੰਪਨੀ ਨੂੰ ਲਗਭਗ 7,500 ਕਰੋੜ ਰੁਪਏ ਦੀ ਬੱਚਤ ਹੋਵੇਗੀ।
ਬੀਐੱਸਐੱਨਐੱਲ ਸੋਮਵਾਰ ਤੋਂ ਕਰਮਚਾਰੀਆਂ ਦੇ ਵੀਆਰਐੱਸ ਲਈ ਅਰਜ਼ੀਆਂ ਦੀ ਪ੍ਰਕਿਰਿਆ ਦੇ ਵਿਕਲਪ ਨੂੰ ਸ਼ੁਰੂ ਕਰਨ ਜਾ ਰਹੀ ਹੈ।
ਦੱਸ ਦਈਏ ਕਿ ਕੰਪਨੀ ਆਪਣੇ ਕਰਮਚਾਰੀਆਂ ਨੂੰ ਅਕਤੂਬਰ ਮਹੀਨੇ ਦੀ ਤਨਖ਼ਾਹ ਵੀ ਨਹੀਂ ਦੇ ਸਕਦੀ। ਦਰਅਸਲ ਬੀਐੱਸਐੱਨਐੱਲ ਦੀ ਯੋਜਨਾ ਹੈ ਕਿ 50 ਸਾਲ ਤੋਂ ਉੱਪਰ ਦੀ ਉਮਰ ਦੇ ਕਰਮਚਾਰੀਆਂ ਨੂੰ ਵੀਆਰਐੱਸ ਦੀ ਪੇਸ਼ਕਸ਼ ਕੀਤੀ ਜਾਵੇ। ਕੰਪਨੀ ਨੂੰ ਉਮੀਦ ਹੈ ਕਿ ਘੱਟ ਤੋਂ ਘੱਟ 80 ਹਜ਼ਾਰ ਕਰਮਚਾਰੀ ਇਸ ਦਾ ਲਾਭ ਲੈ ਸਕਣਗੇ।
ਸੂਤਰਾਂ ਮੁਤਾਬਕ 30 ਦਿਨਾਂ ਵੀਆਰਐੱਸ ਵਿੰਡੋ ਸੋਮਵਾਰ ਨੂੰ ਖੁੱਲ੍ਹੇਗੀ। ਪ੍ਰਬੰਧਕਾਂ ਅਤੇ ਯੂਨੀਅਨਾਂ ਨੇ ਇਸ ਦੇ ਲਈ ਯੋਗ ਕਰਮਚਾਰੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਪ੍ਰਸਤਾਵਿਤ ਵੀਆਰਐੱਸ ਫ਼ਾਰਮੂਲੇ ਤਹਿਤ ਕਰਮਚਾਰੀਆਂ ਨੂੰ ਆਪਣੀ ਨੌਕਰੀ ਦੇ ਬਾਕੀ ਰਹਿੰਦੇ ਸਾਲਾਂ ਲਈ 100 ਤੋਂ 125 ਫ਼ੀਸਦੀ ਤੱਕ ਤਨਖ਼ਾਹ ਮਿਲੇਗੀ, ਇਸ ਨਾਲ ਰਿਟਾਇਰਿੰਗ ਮਹੀਨੇ ਦੀ ਤਨਖ਼ਾਹ ਦੇ ਆਧਾਰ ਉੱਤੇ ਪੈਨਸ਼ਨ ਵੀ ਸ਼ਾਮਲ ਹੈ।
ਜਾਣਕਾਰੀ ਮੁਤਾਬਕ ਬੀਐੱਸਐੱਨਐੱਲ ਨੂੰ ਉਮੀਦ ਹੈ ਕਿ ਜੇ 80,000 ਕਰਮਚਾਰੀ ਵੀਆਰਐੱਸ ਲੈਂਦੇ ਹਨ ਤਾਂ ਕੰਪਨੀ ਨੂੰ ਲਗਭਗ 7,500 ਕਰੋੜ ਰੁਪਏ ਦੀ ਬੱਚਤ ਹੋਵੇਗੀ। ਕੰਪਨੀ ਵਿੱਚ ਮੌਜੂਦ ਸਮੇਂ ਲਗਭਗ 1.59 ਲੱਖ ਕਰਮਚਾਰੀ ਕੰਮ ਕਰ ਰਹੇ ਹਨ, ਜਿੰਨ੍ਹਾਂ ਵਿੱਚ ਲਗਭਗ 1.6 ਲੱਕ ਕਰਮਚਾਰੀਆਂ ਦੀ ਉਮਰ 50 ਤੋਂ ਜ਼ਿਆਦਾ ਹੈ। ਵਿੱਤੀ ਸਾਲ 2018-19 ਵਿੱਚ ਕੰਪਨੀ ਦੀ ਕਰਮਚਾਰੀ ਲਾਗਤ 14,492 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : BSNL ਮੁਲਾਜ਼ਮਾਂ ਦੀ ਭੁੱਖ ਹੜਤਾਲ ਸੱਤਵੇਂ ਦਿਨ ਵੀ ਜਾਰੀ