ਸੈਨ ਫ੍ਰਾਂਸਿਸਕੋ: ਮਹਾਂਮਾਰੀ ਦੇ ਬਾਵਜੂਦ ਸਾਲ ਦੀ ਸ਼ੁਰੂਆਤ ਵਿੱਚ ਵਧਿਆਂ ਨਤੀਜਿਆਂ ਨਾਲ ਸਾਹਮਣੇ ਆਉਣ ਤੋਂ ਬਾਅਦ ਜਾਇੰਟ-ਐਪਲ ਹੁਣ ਸਾਊਦੀ ਅਰਬ ਦੀ ਤੇਲ ਕੰਪਨੀ- ਸਾਊਦੀ ਅਰਾਮਕੋ ਨੂੰ ਪਛਾੜਦਿਆਂ ਵਿਸ਼ਵ ਦੀ ਸਭ ਤੋਂ ਕੀਮਤੀ ਕੰਪਨੀ ਦੀ ਸੂਚੀ ਵਿੱਚ ਪਹਿਲੇ ਸਥਾਨ 'ਤੇ ਆ ਗਈ ਹੈ। ਜਿਸਦੀ ਬਜ਼ਾਰੀ ਕੀਮਤ 184,000 ਕਰੋੜ ਡਾਲਰ ਹੈ।
ਸੀਐਨਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ, ਬਿਹਤਰ ਕਾਰੋਬਾਰ ਨਾਲ ਸ਼ੁੱਕਰਵਾਰ ਤੱਕ ਐਪਲ ਦੇ ਸ਼ੇਅਰਾਂ ਦੇ ਵਿੱਚ 10.47 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਅਤੇ ਇਸ ਦੇ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਤੇਲ ਕੰਪਨੀ ਨੂੰ ਪਛਾੜਦਿਆਂ ਐਪਲ ਦੁਨੀਆਂ ਦੀ ਸਭ ਤੋਂ ਵੱਡੀ ਜਨਤਕ ਵਪਾਰ ਵਾਲੀ ਕੰਪਨੀ ਬਣ ਗਈ ਹੈ।
ਮਹਾਂਮਾਰੀ ਦੇ ਚਲਦੇ ਐਪਲ ਦੀ ਸਪਲਾਈ ਚੇਨ ਪ੍ਰਭਾਵਤ ਹੋਈ ਸੀ ਅਤੇ ਇਸ ਦੇ ਕਾਰਨ ਆਈਫੋਨ ਨਿਰਮਾਣ ਕੰਪਨੀ ਨੂੰ ਦੁਨੀਆ ਭਰ ਵਿੱਚ ਆਪਣੇ ਸਾਰੇ ਰਿਟੇਲ ਸਟੋਰ ਬੰਦ ਕਰਨੇ ਪਏ ਸਨ, ਪਰ ਇਸ ਸਭ ਦੇ ਬਾਵਜੂਦ ਇਸ ਸਾਲ ਕੰਪਨੀ ਦੇ ਸ਼ੇਅਰਾਂ ਦੇ ਵਿੱਚ 44 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਐਪਲ ਨੇ ਆਪਣੇ ਵਿੱਤੀ ਸਾਲ 2020 ਦੀ ਤੀਜੀ ਤਿਮਾਹੀ ਵਿੱਚ 59.70 ਅਰਬ ਡਾਲਰ ਦਾ ਕਾਰੋਬਾਰ ਕੀਤਾ ਹੈ, ਜੋ ਪਿਛਲੇ ਸਾਲ ਦੀ ਤਿਮਾਹੀ ਤੋਂ 11 ਪ੍ਰਤੀਸ਼ਤ ਦਾ ਵਾਧਾ ਹੈ।