ਨਵੀਂ ਦਿੱਲੀ : ਚੀਨ ਦੀ ਤਕਨੀਕੀ ਅਤੇ ਸਮਾਰਟ ਫ਼ੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣਾ ਐੱਪ ਆਧਾਰਿਤ ਆਨਲਾਇਨ ਕਰਜ਼ ਬਾਜ਼ਾਰ ਮੰਚ 'ਮੀ ਕ੍ਰੈਡਿਟ' ਭਾਰਤੀ ਬਾਜ਼ਾਰ ਵਿੱਚ ਮੰਗਲਵਾਰ ਨੂੰ ਪੇਸ਼ ਕੀਤਾ ਹੈ। ਇਸ ਰਾਹੀਂ ਵਿਅਕਤੀਗਤ ਤੌਰ ਉੱਤੇ ਅਪਲਾਈ ਕਰ ਕੇ ਇਸ ਨਾਲ ਜੁੜੀਆਂ ਵਿੱਤੀ ਸੇਵਾਵਾਂ ਕੰਪਨੀਆਂ ਤੋਂ ਕੁੱਝ ਹੀ ਮਿੰਟਾਂ ਵਿੱਚ 1 ਲੱਖ ਰੁਪਏ ਤੱਕ ਦਾ ਵਿਅਕਤੀਗਤ ਕਰਜ਼ ਪ੍ਰਾਪਤ ਕੀਤਾ ਜਾ ਸਕਦਾ ਹੈ।
ਕੰਪਨੀ ਨੇ ਭਾਰਤ ਵਿੱਚ ਆਨਲਾਇਨ ਕਰਜ਼ ਬਾਜ਼ਾਰ ਦੀ ਵੱਡੀਆਂ ਸੰਭਾਵਨਾਵਾਂ ਬਾਰੇ ਦੱਸਦੇ ਹੋਏ ਕਿਹਾ ਕਿ ਹਾਲੇ ਇਸ ਮੰਚ ਨਾਲ 5 ਕੰਪਨੀਆਂ ਜੁੜੀਆਂ ਹਨ। ਇਸ ਤੋਂ ਪਹਿਲਾਂ ਕੰਪਨੀ ਮੀ ਪੇਅ ਪੇਸ਼ ਕਰ ਚੁੱਕੀ ਹੈ।
ਸ਼ਾਓਮੀ ਦੇ ਉਪ-ਪ੍ਰਧਾਨ ਅਤੇ ਸ਼ਾਓਮੀ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਮਨੁ ਜੈਨ ਨੇ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀ ਕ੍ਰੈ਼ਡਿਟ ਇੱਕ ਖ਼ਾਸ ਰੂਪ ਨਾਲ ਤਿਆਰ ਕੀਤਾ ਗਿਆ ਆਨਲਾਇਨ ਕਰਜ਼ ਬਾਜ਼ਾਰ ਹੈ। ਇਸ ਉੱਤੇ ਵਿਅਕਤੀਗਤ ਲੋਨ ਦੇ ਵਧੀਆ ਤੋਂ ਵਧੀਆ ਪ੍ਰਸਤਾਵ ਮਿਲ ਸਕਦੇ ਹਨ। ਇਸ ਮੰਚ ਤੋਂ ਕੋਈ ਵੀ 1 ਲੱਖ ਰੁਪਏ ਤੱਕ ਦੇ ਕਰਜ਼ ਦੇ ਸੌਦੇ ਕੀਤੇ ਜਾ ਸਕਦੇ ਹਨ।
ਕਰਜ਼ ਮੰਨਜ਼ੂਰੀ ਪ੍ਰਕਿਰਿਆ ਵਿੱਚ ਸਿਰਫ਼ ਕੁੱਝ ਹੀ ਮਿੰਟ ਦਾ ਸਮਾਂ ਲੱਗਦਾ ਹੈ। ਇਸ ਮੰਚ ਨਾਲ ਹਾਲੇ ਆਦਿਤਿਆ ਬਿਰਲਾ ਫ਼ਾਇਨਾਂਸ ਲਿਮਟਿਡ, ਮਨੀ ਵਿਊ, ਅਰਲੀਸੈਲਰੀ, ਜੇਸਟਮਨੀ ਅਤੇ ਕ੍ਰੈਡਿਟ ਵਿੱਦਿਆ, ਇਹ ਪੰਜ ਗ਼ੈਰ-ਬੈਕਿੰਗ ਅਤੇ ਫਿਨਟੈਕ ਕੰਪਨੀਆਂ ਜੁੜੀਆਂ ਹੋਈਆਂ ਹਨ।
ਭਾਰਤ ਵਿੱਚ ਇਸ ਤਰ੍ਹਾਂ ਦੇ ਮੰਚ ਦੀਆਂ ਸੰਭਾਵਨਾਵਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਆਨਲਾਇਨ ਕਰਜ਼ ਦੇ ਲੈਣ-ਦੇਣ ਦਾ ਬਾਜ਼ਾਰ 2023 ਤੱਕ 70 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਕੰਪਨੀ ਨੇ ਸਿਬਿਲ (ਕ੍ਰੈਡਿਟ ਇੰਫੋਸਿਸ ਬਿਊਰੋ ਇੰਡੀਆ ਲਿ.) ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਇਸ ਸਮੇਂ 1.9 ਕਰੋੜ ਗ੍ਰਾਹਕਾਂ ਦੇ 4 ਲੱਖ ਕਰੋੜ ਰੁਪਏ ਦਾ ਬਕਾਇਆ ਚੱਲ ਰਿਹਾ ਹੈ। ਹਰ ਖ਼ਾਤੇ ਵਿੱਚ 2 ਲੱਖ ਰੁਪਏ ਦਾ ਕਰਜ਼ ਬਕਾਇਆ ਹੈ। ਇਹ ਆਨਲਾਇਨ ਕਰਜ਼ ਬਾਜ਼ਾਰ ਦੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ।
ਸ਼ਾਓਮੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੀ ਕ੍ਰੈਡਿਟ ਤੋਂ 3 ਤੋਂ 18 ਮਹੀਨਿਆਂ ਤੱਕ ਦੇ ਵਿਅਕਤੀਗਤ ਲੋਨ ਲਏ ਜਾ ਸਕਦੇ ਹਨ। ਇਹ ਕਰਜ਼ ਵਿਅਕਤੀ ਦੀ ਸਿਬਿਲ ਰੇਟਿੰਗ ਦੇ ਆਧਾਰ ਉੱਤੇ ਮੰਨਜ਼ੂਰ ਕੀਤੇ ਜਾਂਦੇ ਹਨ। ਇਸ ਵਿੱਚ ਬੀਮਾਰੀ, ਖ਼ਰੀਦਦਾਰੀ, ਵਿਆਹ-ਸ਼ਾਦੀ, ਟੂਰ ਅਤੇ ਪੜ੍ਹਾਈ ਵਰਗੇ ਕਈ ਵਿਅਕਤੀਗਤ ਕੰਮਾਂ ਲਈ ਕਰਜ਼ ਦੀ ਸੁਵਿਦਾ ਲਈ ਜਾ ਸਕਦੀ ਹੈ।