ਨਵੀਂ ਦਿੱਲੀ: ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਜਾਰੀ ਹੈ। ਰਾਜਧਾਨੀ ਦਿੱਲੀ ਵਿਚ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 80 ਤੋਂ ਪਾਰ ਹੋ ਗਈਆਂ ਹਨ। ਪੈਟਰੋਲ 25 ਪੈਸੇ ਮਹਿੰਗਾ ਅਤੇ ਡੀਜ਼ਲ 21 ਪੈਸੇ ਮਹਿੰਗਾ ਹੋ ਗਿਆ ਹੈ। ਹੁਣ ਪੈਟਰੋਲ 80.38 ਅਤੇ ਡੀਜ਼ਲ 80.40 ਪ੍ਰਤੀ ਲੀਟਰ ਹੋ ਗਿਆ ਹੈ।
ਦੱਸ ਦਈਏ ਕਿ ਡੀਜ਼ਲ ਦੀਆਂ ਕੀਮਤਾਂ ਅਜੇ ਵੀ ਪੈਟਰੋਲ ਨਾਲੋਂ ਜ਼ਿਆਦਾ ਹਨ। ਲੋਕ ਪਹਿਲਾਂ ਹੀ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲੌਕਡਾਊਨ ਤੋਂ ਪਰੇਸ਼ਾਨ ਹਨ। ਅਜਿਹੀ ਸਥਿਤੀ ਵਿੱਚ, ਮਹਿੰਗਾਈ ਵਿੱਚ ਨਿਰੰਤਰ ਵਾਧਾ ਲੋਕਾਂ ਉੱਤੇ ਦੋਹਰੀ ਮਾਰ ਹੈ।
ਪੈਟਰੋਲ-ਡੀਜ਼ਲ ਰਾਜ ਅਤੇ ਕੇਂਦਰ ਸਰਕਾਰਾਂ ਦੀ ਆਮਦਨੀ ਦਾ ਇੱਕ ਮਹੱਤਵਪੂਰਨ ਸਰੋਤ ਹੈ। ਅਜਿਹੀ ਸਥਿਤੀ ਵਿਚ ਰਾਜ ਸਰਕਾਰਾਂ ਨੇ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਫਿਲਹਾਲ, ਡਾਲਰ ਦੇ ਮੁਕਾਬਲੇ ਰੁਪਏ ਵਿੱਚ ਲਗਾਤਾਰ ਗਿਰਾਵਟ ਪੈਟਰੋਲ ਅਤੇ ਡੀਜ਼ਲ ਦੇ ਮਹਿੰਗੇ ਹੋਣ ਪਿੱਛੇ ਇੱਕ ਕਾਰਨ ਹੈ।
ਰੁਪਏ ਦੀ ਗਿਰਾਵਟ ਨੇ ਤੇਲ ਕੰਪਨੀਆਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਇਸ ਦਾ ਮਤਲਬ ਹੈ ਕਿ ਹੁਣ ਉਨ੍ਹਾਂ ਨੂੰ ਕੱਚਾ ਤੇਲ ਖਰੀਦਣ ਲਈ ਵਧੇਰੇ ਪੈਸਾ ਖਰਚ ਕਰਨਾ ਪਵੇਗਾ। ਇਸੇ ਕਰਕੇ ਤੇਲ ਕੰਪਨੀਆਂ ਲਗਾਤਾਰ ਇਸ ਦਾ ਭਾਰ ਗਾਹਕਾਂ 'ਤੇ ਪਾ ਰਹੀਆਂ ਹਨ।