ਨਵੀਂ ਦਿੱਲੀ : ਦੇਸ਼ ਵਿੱਚ ਲਗਾਤਾਰ 10ਵੇਂ ਮਹੀਨੇ ਅਗਸਤ ਵਿੱਚ ਯਾਤਰੀ ਵਾਹਨਾਂ ਦੀ ਵਿਕਰੀ ਘੱਟ ਹੋ ਗਈ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਅੰਕੜਿਆਂ ਮੁਤਾਬਕ ਅਗਸਤ ਵਿੱਚ ਯਾਤਰੀ ਵਾਹਨਾਂ ਦੀ ਵਿਕਰੀ ਇੱਕ ਸਾਲ ਪਹਿਲਾਂ ਇਸੇ ਮਹੀਨੇ ਦੀ ਤੁਲਨਾ ਵਿੱਚ 31.57 ਫ਼ੀਸਦੀ ਘੱਟ ਕੇ 1,96,524 ਵਾਹਨ ਰਹਿ ਗਈ। ਇੱਕ ਸਾਲ ਪਹਿਲਾਂ ਅਗਸਤ ਵਿੱਚ 2,87,198 ਵਾਹਨਾਂ ਦੀ ਵਿਕਰੀ ਹੋਈ ਸੀ।
ਜਾਣਕਾਰੀ ਮੁਤਾਬਕ 1997-98 ਤੋਂ ਬਾਅਦ ਪਹਿਲੀ ਵਾਰ ਇੰਨੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਭਾਰਤੀ ਆਟੋਮੋਬਾਈਲ ਨਿਰਮਾਤਾ ਸੁਸਾਇਟੀ ਦੁਆਰਾ ਸੋਮਵਾਰ ਨੂੰ ਜਾਰੀ ਕੀਤੇ ਅੰਕੜਿਆਂ ਮੁਤਾਬਕ ਅਗਸਤ 2019 ਵਿੱਚ ਘਰੇਲੂ ਬਾਜ਼ਾਰ ਵਿੱਚ ਕਾਰਾਂ ਦੀ ਵਿਕਰੀ 41.09 ਫ਼ੀਸਦੀ ਘਟ ਕੇ 1,15,957 ਕਾਰਾਂ ਰਹਿ ਗਈ ਜਦਕਿ ਇੱਕ ਸਾਲ ਪਹਿਲਾਂ ਅਗਸਤ ਵਿੱਚ 1,96, 847 ਕਾਰਾਂ ਦੀ ਵਿਕਰੀ ਹੋਈ ਸੀ।
ਇਸ ਦੌਰਾਨ ਦੋ-ਪਹੀਆ ਵਾਹਨਾਂ ਦੀ ਵਿਕਰੀ 22.24 ਫ਼ੀਸਦੀ ਘੱਟ ਕੇ 15,14,196 ਇਕਾਈ ਰਹਿ ਗਈ ਜਦਕਿ ਇੱਕ ਸਾਲ ਪਹਿਲਾਂ ਇਸੇ ਮਹੀਨੇ ਦੇਸ਼ ਵਿੱਚ 19,47,304 ਦੋ-ਪਹੀਆ ਵਾਹਨਾਂ ਦੀ ਵਿਕਰੀ ਹੋਈ ਸੀ।
ਇਸ ਵਿੱਚ ਮੋਟਰਸਾਈਕਲਾਂ ਦੀ ਵਿਕਰੀ 22.33 ਫ਼ੀਸਦੀ ਘਟ ਕੇ 9.37,486 ਮੋਟਰਸਾਈਕਲ ਰਹਿ ਗਈ ਜਦਕਿ ਇੱਕ ਸਾਲ ਪਹਿਲਾਂ ਇਸੇ ਮਹੀਨੇ 12,07,005 ਮੋਟਰਸਾਈਕਲਾਂ ਦੀ ਵਿਕਰੀ ਹੋਈ ਸੀ।
ਸਿਆਮ ਦੇ ਅੰਕੜਿਆਂ ਮੁਤਾਬਕ ਅਗਸਤ ਮਹੀਨੇ ਵਿੱਚ ਵਪਾਰਕ ਵਾਹਨਾਂ ਦੀ ਵਿਕਰੀ 38.71 ਫ਼ੀਸਦੀ ਘਟ ਕੇ 51,987 ਵਾਹਨ ਰਹੀ। ਕੁੱਲ ਮਿਲਾਕੇ ਜੇ ਸਾਰੇ ਤਰ੍ਹਾਂ ਦੇ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਅਗਸਤ 2019 ਵਿੱਚ ਕੁੱਲ ਵਾਹਨ ਵਿਕਰੀ 23.55 ਫ਼ੀਸਦੀ ਘਟ ਕੇ 18,21,490 ਰਹਿ ਗਈ ਜਦਕਿ ਇੱਕ ਸਲਾ ਪਹਿਲਾਂ ਇਸੇ ਮਹੀਨੇ ਵਿੱਚ ਕੁੱਲ 23,82,436 ਵਾਹਨਾਂ ਦੀ ਵਿਕਰੀ ਹੋਈ ਸੀ।