ਨਵੀਂ ਦਿੱਲੀ: ‘ਹਾਊਸਿੰਗ ਡਿਵੈਲਪਮੈਂਟ ਐਂਡ ਇਨਫ਼਼੍ਰਾਸਟਰਕਚਰ ਲਿਮਿਟੇਡ’ (HDIL) ਦੇ ਚੇਅਰਮੈਨ ਰਾਕੇਸ਼ ਵਧਾਵਨ ਤੇ ਉਸ ਦੇ ਪੁੱਤਰ ਸਾਰੰਗ ਵਧਾਵਨ ਦੇ ਪ੍ਰਾਈਵੇਟ ਜੈੱਟ ਅਤੇ 60 ਕਰੋੜ ਰੁਪਏ ਦੇ ਗਹਿਣੇ ਇਨਫ਼ੋਰਸਮੈਂਟ ਡਾਇਰੈਕਟਰੇਟ ਵੱਲੋਂ ਜ਼ਬਤ ਕੀਤੇ ਗਏ ਹਨ। ਏਜੰਸੀ ਨੇ ਇਹ ਵੀ ਕਿਹਾ ਹੈ ਕਿ ਉਹ ਮਾਲਦੀਵ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਵਧਾਵਨ ਦੇ ਸਮੁੰਦਰੀ ਜਹਾਜ਼ਾਂ ਦੇ ਕਾਰੋਬਾਰ ਵਿੱਚ ਵਰਤੇ ਜਾ ਰਹੇ ਵੱਡੇ ਸਮੁੰਦਰੀ ਜਹਾਜ਼ ਨੂੰ ਵੀ ਜਲਦੀ ਹੀ ਜ਼ਬਤ ਕਰਨ ਦੀ ਕੋਸ਼ਿਸ਼ ਕਰਨਗੇ।
ਇਸ ਦੇ ਨਾਲ ਹੀ ਪੀਐਮਸੀ ਬੈਂਕ ਦੇ ਸਾਬਕਾ ਚੇਅਰਮੈਨ ਵਰਿਆਮ ਸਿੰਘ ਦੇ ਬੈਂਕ ਖਾਤੇ ਨੂੰ ਵੀ ਈਡੀ ਵੱਲੋਂ ਫ਼੍ਰੀਜ਼ ਕਰ ਦਿੱਤਾ ਗਿਆ ਹੈ ਅਤੇ 10 ਕਰੋੜ ਰੁਪਏ ਦੀ ਜਮ੍ਹਾ/ਮਿਆਦੀ ਰਾਸ਼ੀ ਵੀ ਜ਼ਬਤ ਕੀਤੀ ਗਈ ਹੈ। ਏਜੰਸੀ ਨੇ ਪੀਐਮਸੀ ਬੈਂਕ ਦੇ 4355 ਕਰੋੜ ਰੁਪਏ ਦੀ ਹੇਰਾਫੇਰੀ ਮਾਮਲੇ 'ਚ ਐਚਡੀਐਲ ਦੇ ਪ੍ਰਮੋਟਰ ਵਿਰੁੱਧ ਵੀ ਮਾਮਲਾ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ : ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਵਿੱਚ ਡਿੱਗੀਆਂ ਪਿਆਜ਼ ਦੀਆਂ ਥੋਕ ਕੀਮਤਾਂ
ਵਿੱਤੀ ਜਾਂਚ ਏਜੰਸੀ ਐਚਡੀਐਲ ਨਾਲ ਜੁੜੀਆਂ 18 ਹੋਰ ਕੰਪਨੀਆਂ ਦੇ ਵੇਰਵੇ ਵੀ ਖੰਗਾਲ਼ ਰਹੀ ਹੈ। ਈਡੀ ਨੇ ਐਚਡੀਐਲ ਦੇ ਬਾਂਦਰਾ ਪੂਰਬੀ 'ਚ ਸਥਿਤ ਮੁੱਖ ਦਫ਼ਤਰ ਤੇ ਬਾਂਦਰਾ ਪੱਛਮੀ 'ਚ ਸਥਿਤ ਰਾਕੇਸ਼ ਵਧਾਵਨ ਦੀ ਰਿਹਾਇਸ਼ ਸਮੇਤ ਮੁੰਬਈ ’ਚ ਛੇ ਥਾਵਾਂ 'ਤੇ ਛਾਪੇਮਾਰੀ ਕੀਤੀ।
ਇਸ ਦੇ ਨਾਲ ਹੀ ਵਰਿਆਮ ਸਿੰਘ ਅਤੇ PMC ਬੈਂਕ ਦੇ ਮੈਨੇਜਿੰਗ ਡਾਇਰੈਕਟਰ ਜੁਆਏ ਥਾਮਸ ਦੇ ਬੰਗਲਿਆਂ ਉੱਤੇ ਵੀ ਏਜੰਸੀ ਨੇ ਛਾਪੇਮਾਰੀ ਕੀਤੀ। ਈਡੀ ਨੇ ਕਿਹਾ ਕਿ ਰਾਕੇਸ਼ ਵਧਾਵਨ ਤੇ ਉਨ੍ਹਾਂ ਦੇ ਪੁੱਤਰ ਸਾਰੰਗ ਵਧਾਵਨ ਸਮੇਤ ਐਚਡੀਐਲ ਦੇ ਸੱਤ ਡਾਇਰੈਕਟਰਜ਼ ਉੱਤੇ ਵੀ ਉਸ ਦੀ ਚੌਕਸ ਨਜ਼ਰ ਹੈ। ਵੀਰਵਾਰ ਨੂੰ ਮੁੰਬਈ ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।