ਚੰਡੀਗੜ੍ਹ: ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕਾ ਧਾਰਮਿਕ, ਇਤਿਹਾਸਕ ਅਤੇ ਰੋਮਾਂਚਕ ਸੈਲਾਨੀ ਕੇਂਦਰ ਵਜੋਂ ਵਿਕਸਿਤ ਹੋਣ ਲਈ ਪੂਰੀ ਤਰ੍ਹਾ ਤਿਆਰ ਹੈ। ਇਸ ਉਦੇਸ਼ ਲਈ ਚੰਡੀਗੜ੍ਹ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਪੰਜਾਬ ਸਰਕਾਰ ਦੇ ਸੈਰ-ਸਪਾਟਾ, ਸੱਭਿਆਚਾਰਕ ਅਤੇ ਤਕਨੀਕੀ ਸਿੱਖਿਆ ਮੰਤਰੀ, ਚਰਨਜੀਤ ਸਿੰਘ ਚੰਨੀ, ਸਥਾਨਕ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦੱਸਿਆ ਕਿ ਸੰਸਦੀ ਹਲਕਾ ਸ੍ਰੀ ਆਨੰਦਪੁਰ ਸਾਹਿਬ ਨੂੰ ਖ਼ਾਲਸੇ ਦੀ ਜਨਮ ਭੂਮੀ ਹੋਣ ਦਾ ਮਾਣ ਹਾਸਲ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਵਿੱਤਰ ਸਥਾਨ ਚਮਕੌਰ ਸਾਹਿਬ, ਜਿੱਥੇ ਦੋ ਵੱਡੇ ਸਾਹਬਿਜ਼ਾਦਿਆਂ ਨੇ ਸ਼ਕਤੀਸ਼ਾਲੀ ਮੁਗਲ ਸੈਨਾ ਨਾਲ ਲੜਦਿਆਂ ਆਪਣਾ ਬਲਿਦਾਨ ਦੇ ਦਿੱਤਾ ਸੀ ਉਹ ਵੀ ਇਸੇ ਸੰਸਦੀ ਹਲਕੇ ਵਿੱਚ ਪੈਂਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ, ਜ਼ਿਲ੍ਹਾ ਨਵਾਂਸ਼ਹਿਰ ਵੀ ਇਸੇ ਸੰਸਦੀ ਹਲਕੇ ਵਿੱਚ ਆਉਂਦਾ ਹੈ। ਪੰਜਾਬ ਸਰਕਾਰ, ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪਹਿਲਾਂ ਹੀ ਇੱਕ ਧਾਰਮਿਕ ਸੈਰ-ਸਪਾਟਾ ਸਰਕਟ ਵਿਕਸਿਤ ਕਰ ਰਹੀ ਹੈ ਜਿਸ ਨਾਲ ਅੰਮ੍ਰਿਤਸਰ, ਆਨੰਦਪੁਰ ਸਾਹਿਬ, ਫ਼ਤਿਹਗੜ ਸਾਹਿਬ ਅਤੇ ਹੋਰਨਾਂ ਪਵਿੱਤਰ ਤੇ ਇਤਿਹਾਸਕ ਸਥਾਨਾਂ ਨੂੰ ਜੋੜਿਆ ਜਾ ਰਿਹਾ ਹੈ।
ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਸ੍ਰੀ ਆਨੰਦਪੁਰ ਸਾਹਿਬ ਬਹੁਤ ਜਲਦ ਧਾਰਮਿਕ ਅਤੇ ਰੋਮਾਂਚਕ ਸੈਲਾਨੀਆਂ ਲਈ ਪ੍ਰਮੁੱਖ ਸੈਲਾਨੀ ਹੱਬ ਵਜੋਂ ਸਾਬਤ ਹੋਵੇਗਾ।