ਚੰਡੀਗੜ੍ਹ: ਓਮ ਪ੍ਰਕਾਸ਼ ਸੋਨੀ ਨੇ ਨਵਾਂ ਮਿਲਿਆ ਮੈਡੀਕਲ ਸਿੱਖਿਆ ਤੇ ਖੋਜ ਮੰਤਰਾਲਾ ਸੰਭਾਲ ਲਿਆ ਹੈ। ਮੰਤਰਾਲਾ ਸੰਭਾਲਦੇ ਹੀ ਓਪੀ ਸੋਨੀ ਨੇ ਵਿਜੈ ਇੰਦਰ ਸਿੰਗਲਾ ਵੱਲੋਂ ਸਿੱਖਿਆ ਵਿਭਾਗ ਲਈ ਜਾਰੀ ਕੀਤੇ ਆਨਲਾਈਨ ਤਬਾਦਲੇ ਸੁਵਿਧਾ 'ਤੇ ਸਵਾਲ ਖੜ੍ਹੇ ਕੀਤੇ ਹਨ।
ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਮੰਤਰਾਲਾ ਬਦਲਣ ਤੋਂ ਪਹਿਲਾਂ ਹੀ ਉਨ੍ਹਾਂ ਵੱਲੋਂ ਆਨਲਾਈਨ ਤਬਾਦਲੇ ਦੀ ਨੀਤੀ ਤਿਆਰ ਕਰ ਦਿੱਤੀ ਗਈ ਸੀ ਪਰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਵਿੱਚ ਜਾਣਬੁੱਝ ਕੇ ਦੇਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਲਿਸੀ ਪਹਿਲਾਂ ਹੀ ਬਣਾ ਦਿੱਤੀ ਗਈ ਸੀ ਤੇ ਉਨ੍ਹਾਂ ਦੇ ਮੰਤਰੀ ਰਹਿੰਦਿਆਂ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ।
ਇਸ ਦੇ ਨਾਲ ਹੀ ਸੋਨੀ ਨੇ ਇਹ ਵੀ ਕਿਹਾ ਕਿ ਅਫ਼ਸਰਸ਼ਾਹੀ ਖ਼ਿਲਾਫ਼ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕੁਝ ਅਫ਼ਸਰ ਸਿਸਟਮ ਨੂੰ ਖ਼ਰਾਬ ਕਰ ਰਹੇ ਹਨ, ਜਿਸ ਕਰਕੇ ਆਵਾਜ਼ ਚੁੱਕਣੀ ਜ਼ਰੂਰੀ ਸੀ। ਸੋਨੀ ਨੇ ਕਿਹਾ ਨਵੇਂ ਮੰਤਰਾਲੇ ਦੇ ਅਫ਼ਸਰ ਚੰਗੇ ਹਨ ਤੇ ਉਨ੍ਹਾਂ ਮਹਿਕਮੇ ਦੀ ਤਰੱਕੀ ਵੱਲ ਵਧਣ ਦੀ ਆਸ ਵੀ ਜਤਾਈ।