ਲੁਧਿਆਣਾ: ਅਨਾਜ ਦੀ ਬਰਬਾਦੀ ਨੂੰ ਰੋਕਣ ਲਈ ਮੁਹੰਮਦ ਜਮਾਲ ਨਾਂਅ ਦੇ ਸ਼ਖਸ ਨੇ ਇਕ ਅਨੋਖਾ ਕੰਮ ਕੀਤਾ ਹੈ। ਲੋਕਾਂ ਨੂੰ ਅਨਾਜ ਦੀ ਬਰਬਾਦੀ ਨਾ ਕਰਨ ਕਰਨ ਲਈ ਉਹ ਬੀਤੇ 15 ਮਹੀਨਿਆਂ ਤੋਂ ਆਪਣੀ ਸਾਈਕਲ ਤੇ' ਦੇਸ਼ ਦੇ ਕੋਨੇ-ਕੋਨੇ ਦਾ ਸਫ਼ਰ ਕਰ ਰਹੇ ਹਨ। ਹੁਣ ਤੱਕ ਉਹ ਨਾਗਪੁਰ, ਕੇਰਲਾ, ਕੋਲਕਾਤਾ, ਉੱਤਰਾਖੰਡ, ਯੂਪੀ, ਬਿਹਾਰ ਅਤੇ ਹੋਰ ਕਈ ਸੂਬਿਆਂ ਦਾ ਸਾਈਕਲ 'ਤੇ ਸਫਰ ਕਰ ਚੁੱਕੇ ਹਨ। ਛੱਤੀਸਗੜ੍ਹ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਵਾਲੇ ਮੁਹੰਮਦ ਜਮਾਲ ਲੁਧਿਆਣਾ ਪਹੁੰਚੇ। ਇਸ ਮੌਕੇ ਮੁਹੰਮਦ ਜਮਾਲ ਨੇ ਦੱਸਿਆ ਕਿ ਉਹ ਆਪਣੇ ਸਾਈਕਲ 'ਤੇ ਹੁਣ ਤੱਕ ਪੂਰੇ ਦੇਸ਼ ਭਰ ਦਾ 60, 000 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਹਨ।
ਮੁਹੰਮਦ ਜਮਾਲ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮੰਤਵ ਲੋਕਾਂ ਨੂੰ ਅਨਾਜ ਦੀ ਬਰਬਾਦੀ ਨਾ ਕਰਨ ਸਬੰਧੀ ਜਾਗਰੁਕ ਕਰਨਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਨਾਜ ਬਹੁਤ ਘੱਟ ਹੁੰਦਾ ਸੀ ਪਰ ਹੁਣ ਅਨਾਜ ਦੀ ਬਰਬਾਦੀ ਜ਼ਿਆਦਾ ਹੁੰਦੀ ਹੈ। ਜਮਾਲ ਨੇ ਕਿਹਾ ਕਿ ਉਹ ਸਕੂਲਾਂ ਵਿੱਚ ਬੱਚਿਆਂ ਨੂੰ ਇਹ ਸਿੱਖਿਆ ਦਿੰਦੇ ਨੇ ਕਿ ਕਿਵੇਂ ਆਪਣੀ ਲੋੜ ਮੁਤਾਬਕ ਹੀ ਉਹ ਅੰਨ ਦੀ ਵਰਤੋਂ ਕਰਨ ਅਤੇ ਇਸ ਦੀ ਬਰਬਾਦੀ ਨੂੰ ਰੋਕਿਆ ਜਾਵੇ।