ਕਰਨਾਲ : ਇੰਸਟਾਗ੍ਰਾਮ 'ਤੇ ਆਪਣੀ ਮਹਿਲਾ ਦੋਸਤ ਦੀ ਕਥਿਤ ਬਲੈਕਮੇਲਿੰਗ ਤੋਂ ਤੰਗ ਆ ਕੇ ਇਕ ਨੌਜਵਾਨ ਨੇ ਸ਼ੱਕੀ ਹਾਲਾਤਾਂ 'ਚ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਦੇਖ ਕੇ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਪ੍ਰਸ਼ਾਸਨ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਨੌਜਵਾਨ ਨੇ ਆਪਣੀ ਮੌਤ ਤੋਂ ਪਹਿਲਾਂ ਸੁਸਾਈਡ ਨੋਟ 'ਚ ਇਕ ਔਰਤ ਅਤੇ ਉਸ ਦੇ ਕੁਝ ਪਰਿਵਾਰਕ ਮੈਂਬਰਾਂ 'ਤੇ ਬਲੈਕਮੇਲ ਕਰਨ ਦਾ ਇਲਜ਼ਾਮ ਲਗਾਇਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਂ ਸੰਦੀਪ ਕੁਮਾਰ ਹੈ, ਜੋ ਕਰਨਾਲ ਦੇ ਪਿੰਡ ਰਤਨਗੜ੍ਹ ਦਾ ਰਹਿਣ ਵਾਲਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਪੁਰਾਣੀਆਂ ਬਾਈਕ ਵੇਚਣ ਅਤੇ ਖਰੀਦਣ ਦਾ ਧੰਦਾ ਕਰ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਜੈਕੁਮਾਰ ਨੇ ਦੱਸਿਆ ਕਿ ਸੰਦੀਪ ਦੀ ਕਰੀਬ 2 ਸਾਲ ਪਹਿਲਾਂ ਇੰਸਟਾਗ੍ਰਾਮ 'ਤੇ ਇਕ ਔਰਤ ਨਾਲ ਦੋਸਤੀ ਹੋਈ ਸੀ। ਇਹ ਔਰਤ ਗੋਹਾਨਾ ਦੀ ਰਹਿਣ ਵਾਲੀ ਹੈ। ਕੁਝ ਸਮੇਂ ਬਾਅਦ ਕਿਰਨ ਨੇ ਸੰਦੀਪ ਨੂੰ ਪੈਸਿਆਂ ਲਈ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਸੰਦੀਪ ਨੇ ਔਰਤ ਨੂੰ ਕਈ ਵਾਰ ਪੈਸੇ ਦਿੱਤੇ ਸਨ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਵੇਂ-ਜਿਵੇਂ ਪੈਸੇ ਲਏ ਗਏ, ਔਰਤ ਦੀਆਂ ਮੰਗਾਂ ਵਧਦੀਆਂ ਗਈਆਂ, ਜਿਸ ਕਾਰਨ ਸੰਦੀਪ ਤੰਗ ਆ ਗਿਆ ਕਿਉਂਕਿ ਉਸ ਦੀ ਆਰਥਿਕ ਹਾਲਤ ਇੰਨੀ ਮਜ਼ਬੂਤ ਨਹੀਂ ਸੀ। ਜਦੋਂ ਮ੍ਰਿਤਕ ਨੇ ਔਰਤ ਨੂੰ ਪੈਸੇ ਦੇਣ ਤੋਂ ਰੋਕ ਦਿੱਤਾ ਤਾਂ ਉਸ ਨੇ ਜੁਲਾਈ ਮਹੀਨੇ ਥਾਣਾ ਘੜੂੰਆ ਵਿਖੇ ਸੰਦੀਪ ਖਿਲਾਫ ਸ਼ਿਕਾਇਤ ਦਰਜ ਕਰਵਾਈ, ਪਰ ਬਾਅਦ 'ਚ ਦੋਵਾਂ ਵਿਚਾਲੇ ਕਰੀਬ 5 ਲੱਖ ਰੁਪਏ 'ਚ ਸਮਝੌਤਾ ਹੋ ਗਿਆ। ਮ੍ਰਿਤਕ ਸੰਦੀਪ ਨੇ ਔਰਤ ਨੂੰ 3 ਲੱਖ ਰੁਪਏ ਨਕਦ ਅਤੇ 2 ਲੱਖ ਰੁਪਏ ਦਾ ਚੈੱਕ ਦਿੱਤਾ ਸੀ। ਸੰਦੀਪ ਕੋਲ ਪੈਸੇ ਨਾ ਹੋਣ ਕਾਰਨ 2 ਲੱਖ ਰੁਪਏ ਦਾ ਚੈੱਕ ਬਾਊਂਸ ਹੋ ਗਿਆ।
ਇਸ ਤੋਂ ਬਾਅਦ ਔਰਤ ਨੇ ਆਪਣੀ ਬੇਟੀ ਨੂੰ ਲੈ ਕੇ ਸੰਦੀਪ ਖਿਲਾਫ ਮਹਿਲਾ ਥਾਣੇ 'ਚ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਵਾਇਆ। ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ 11 ਸਤੰਬਰ ਨੂੰ ਸੰਦੀਪ ਨੂੰ ਜਾਂਚ ਲਈ ਥਾਣੇ ਬੁਲਾਇਆ। ਪਰਿਵਾਰਕ ਮੈਂਬਰਾਂ ਮੁਤਾਬਕ 2 ਲੱਖ ਰੁਪਏ ਦਾ ਚੈੱਕ ਬਾਊਂਸ ਹੋਣ ਤੋਂ ਬਾਅਦ ਔਰਤ ਦੀ ਫਿਰ ਤੋਂ 5 ਲੱਖ ਰੁਪਏ ਦੀ ਮੰਗ ਹੋ ਗਈ, ਜੋ ਸੰਦੀਪ ਦੇਣ ਤੋਂ ਅਸਮਰੱਥ ਸੀ। ਇਸ ਤੋਂ ਤੰਗ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੇ ਦੋ ਬੱਚੇ ਹਨ।
- Vehicle Sector: ਭਾਰਤ 'ਚ ਵਾਹਨ ਕੰਪਨੀਆਂ ਦਾ ਵੱਧ ਰਿਹਾ ਹੈ ਬਜ਼ਾਰ, 2030 ਤੱਕ 60 ਤੋਂ 70 ਲੱਖ ਵਾਹਨ ਯੂਨਿਟ ਵੇਚਣ ਦੀ ਉਮੀਦ
- Haryana Female Coach Molestation Case: ਜੂਨੀਅਰ ਕੋਚ ਜਿਨਸੀ ਸ਼ੋਸ਼ਣ ਮਾਮਲਾ, ਸੰਦੀਪ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਭਲਕੇ ਤੱਕ ਮੁਲਤਵੀ
- Kerala Nipah confirmed Cases: ਕੇਰਲ ਦੇ ਕੋਝੀਕੋਡ ਵਿੱਚ ਨਿਪਾਹ ਦੇ ਚਾਰ ਮਾਮਲਿਆਂ ਦੀ ਪੁਸ਼ਟੀ
ਕਰਨਾਲ ਦੇ ਸਦਰ ਪੁਲਿਸ ਸਟੇਸ਼ਨ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਸ਼ਿਕਾਇਤ ਦਿੱਤੀ ਹੈ, ਜਿਸ 'ਚ ਉਸ ਨੇ ਆਪਣੇ ਲੜਕੇ ਦੀ ਮੌਤ ਲਈ ਇਕ ਔਰਤ, ਉਸ ਦੇ ਪਤੀ, ਉਸ ਦੇ ਭਰਾ ਅਤੇ ਮਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਨੇ ਮ੍ਰਿਤਕ ਦਾ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ, ਜਿਸ 'ਚ ਉਸ ਨੇ ਔਰਤ 'ਤੇ ਪਰਿਵਾਰਕ ਮੈਂਬਰਾਂ ਸਮੇਤ ਉਸ ਨੂੰ ਬਲੈਕਮੇਲ ਕਰਨ ਦਾ ਇਲਜ਼ਾਮ ਲਗਾਇਆ ਹੈ। ਸੁਸਾਈਡ ਨੋਟ 'ਚ ਲਿਖਿਆ ਹੈ ਕਿ ਉਸ ਨੇ ਬਲੈਕਮੇਲਿੰਗ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਧਾਰਾ 306 ਅਤੇ 34 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।