ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਨਾਲ ਪਹਿਲੀ ਬੈਠਕ ਕੀਤੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਨੂੰ ਚਿੱਠੀ ਜਾਰੀ ਕੀਤੀ ਹੈ, ਇਸ ਚਿੱਠੀ ਵਿੱਚ ਕਾਂਗਰਸ ਹਾਈ ਕਮਾਨ ਵੱਲੋਂ ਦਿੱਤੇ 18 ਨੁਕਤਿਆਂ ਵਿੱਚੋਂ ਉਹ ਪੰਜ ਨੁਕਤਿਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ 'ਤੇ ਪਹਿਲ ਦੇ ਆਧਾਰ 'ਤੇ ਕਾਰਵਾਈ ਕਰਨ ਦੀ ਲੋੜ ਹੈ।
ਇਹ ਵੀ ਪੜੋ: ਕੀ ਬੇਅਦਬੀ ਦੇ ਦੋਸ਼ੀ ਜਾਣਗੇ ਅੰਦਰ ?
ਇਹਨਾਂ ਪੰਜ ਨੁਕਤਿਆਂ ਵਿੱਚ ਇੱਕ ਮੁੱਦਾ ਰੁਜ਼ਗਾਰ ਦਾ ਵੀ ਹੈ। ਸਿੱਧੂ ਨੇ ਲਿਖਿਆ ਕਿ 20 ਤੋਂ ਵੱਧ ਜੱਥੇਬੰਦੀਆਂ (ਅਧਿਆਪਕ, ਡਾਕਟਰ, ਨਰਸਾਂ, ਲਾਇਨਮੈਨ, ਸਫ਼ਾਈ ਕਰਮਚਾਰੀ ਆਦਿ) ਸੂਬੇ ਭਰ ਵਿੱਚ ਧਰਨੇ ਦੇ ਰਹੀਆਂ ਹਨ। ਇਸ ਲਈ ਸਭ ਦੀ ਸੁਨਣ ਨੂੰ ਤਿਆਰ ਅਤੇ ਸਰਬੱਤ ਦੇ ਭਲੇ ਖ਼ਾਤਰ ਕਦਮ ਚੁੱਕਣ ਵਾਲੀ ਲੀਡਰਸ਼ਿਪ ਦੀ ਲੋੜ ਹੈ। ਲਾਜ਼ਮੀ ਹੈ ਕਿ ਸਰਕਾਰ ਗੱਲਬਾਤ ਅਤੇ ਸਲਾਹ-ਮਸ਼ਵਰੇ ਲਈ ਦਰਵਾਜੇ ਖੋਲ੍ਹੇ ਅਤੇ ਆਪਣੇ ਵਿੱਤੀ ਸਾਧਨਾਂ ਨੂੰ ਧਿਆਨ ‘ਚ ਰੱਖਦਿਆਂ ਤੁਰੰਤ ਕੁੱਝ ਕਰੇ।
ਸਾਨੂੰ ਸਿੱਧੂ ਤੋਂ ਕੋਈ ਆਸ ਨਹੀਂ
ਹਾਲਾਂਕਿ ਇਸ ਦੌਰਾਨ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਤੋਂ ਉਨ੍ਹਾਂ ਨੂੰ ਕੋਈ ਆਸ ਨਹੀਂ ਹੈ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਉਹ ਮੁੱਕਰ ਗਏ ਤੇ ਹੁਣ ਸਿੱਧੂ ਤੋਂ ਉਨ੍ਹਾਂ ਨੂੰ ਕੋਈ ਖਾਸ ਉਮੀਦ ਨਜ਼ਰ ਨਹੀਂ ਆ ਰਹੀ ਹੈ।
ਕੈਪਟਨ ਸਾਬ੍ਹ ਸਿਰਫ਼ ਗੱਲਾਂ ਕਰ ਸਕਦੇ ਹਨ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੈਂ ਸਿੱਧੂ ਦੀ ਚਿੱਠੀ ਧਿਆਨ ਨਾਲ ਪੜੀ ਸੀ, ਉਸ ਵਿੱਚ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਗਾਈਬ ਸੀ ਸਿਰਫ਼ ਧਰਨਿਆਂ ਬਾਰੇ ਹੀ ਗੱਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਜਲਦ ਤੋਂ ਜਲਦ ਰੁਜ਼ਗਾਰ ਦੇਣਾ ਚਾਹੀਦਾ ਹੈ ਤੇ ਜਿਹੜੀਆਂ ਅਸਾਮੀਆਂ ਖਾਲੀ ਪਈਆਂ ਹਨ ਉਨ੍ਹਾਂ ਨੂੰ ਤੁਰੰਤ ਭਰਿਆ ਜਾਵੇ।
ਪੰਜ ਨੁਕਤਿਆਂ ’ਤੇ ਕਦੋਂ ਹੋਵੇਗਾ ਕੰਮ ?
ਉੱਥੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਪਾਰਟੀ ਦੇ ਪ੍ਰਧਾਨ ਹਨ ਜਿਸ ਦੀ ਪੰਜਾਬ ਵਿੱਚ ਸਰਕਾਰ ਹੈ। ਉਨ੍ਹਾਂ ਕਿਹਾ ਕਿ ਵੱਡਾ ਸਵਾਲ ਇਹ ਉੱਠਦਾ ਹੈ ਕਿ ਪੰਜ ਨੁਕਤੇ ਜਿਹੜੇ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਗਏ ਹਨ ਉਨ੍ਹਾਂ ਉੱਪਰ ਕੰਮ ਕਦੋਂ ਹੋਵੇਗਾ, ਉਨ੍ਹਾਂ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਇਹ ਕੰਮ ਨਹੀਂ ਕਰਦੇ ਤਾਂ ਕਿ ਕੇਂਦਰੀ ਲੀਡਰਸ਼ਿਪ ਨੂੰ ਨਵਜੋਤ ਸਿੰਘ ਸਿੱਧੂ ਲਿਖਣਗੇ ਕਿ ਉਹ ਸੀ ਐੱਮ ਨੂੰ ਹਟਾਉਣ।
ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਕਰੀਬ 20 ਐਸੀਆਂ ਜਥੇਬੰਦੀਆਂ ਜਿਨ੍ਹਾਂ ਵਿੱਚ ਸਰਕਾਰੀ ਨੌਕਰੀਆਂ ਵਿੱਚ ਮੁਲਾਜ਼ਮ ਕੱਚੇ ਤੌਰ ’ਤੇ ਰੱਖੇ ਗਏ ਹਨ, ਇਨ੍ਹਾਂ ਜਥੇਬੰਦੀਆਂ ਵੱਲੋਂ ਸਰਕਾਰ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਪਰ ਸਰਕਾਰ ਉੱਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਤਕ ਲੋਕਾਂ ਨੂੰ ਲਾਅਰਾ ਹੀ ਲਾਇਆ ਹੈ ਇਸ ਲਈ ਲੋਕ ਧਰਨੇ ਦੇਣ ਲਈ ਮਜਬੂਰ ਹਨ।
ਇਸ ਮਸਲੇ ’ਤੇ ਕਾਂਗਰਸ ਦੇ ਬੁਲਾਰੇ ਜੀਐਸ ਬਾਲੀ ਨੇ ਕਿਹਾ ਕਿ ਦੋਵਾਂ ਦੇ ਵਿੱਚ ਜਿਹੜੀ ਵੀ ਗੱਲਬਾਤ ਹੋਈ ਹੈ ਤਾਂ ਬੌਡੀ ਲੈਂਗੂਏਜ਼ ਤੋਂ ਲੱਗ ਰਿਹਾ ਹੈ ਕਿ ਪੰਜਾਬ ਦੀ ਭਲਾਈ ਵਾਸਤੇ ਦੋਨਾਂ ਨੇ ਇਕਜੁੱਟ ਹੋ ਕੇ ਕੰਮ ਕਰਨ ਦਾ ਟਿੱਚੇ ਮਿਥਿਆ ਹੈ ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਿਹੜਾ ਵੀ ਸਪੱਸ਼ਟੀਕਰਨ ਮੁੱਖ ਮੰਤਰੀ ਵੱਲੋਂ ਦਿੱਤਾ ਉਹ ਬੇਹੱਦ ਹੀ ਬਿਹਤਰ ਹਨ।
ਇਹ ਵੀ ਪੜੋ: ਕੈਪਟਨ ਨੇ pm ਤੋਂ ਕਰਤਾਰਪੁਰ ਲਾਂਘਾ ਮੁੜ ਖੋਲਣ ਦੀ ਕੀਤੀ ਮੰਗ