ਚੰਡੀਗੜ੍ਹ: ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੇ ਸਾਹਮਣੇ ਆਬਾਦੀ ਅਤੇ ਬੇਰੁਜ਼ਗਾਰੀ ਵੱਡੀਆਂ ਚੁਣੌਤੀਆਂ ਹਨ। ਬੇਰੁਜ਼ਗਾਰੀ ਦੀ ਦਰ ਦੇਸ਼ ਦੀ ਆਰਥਿਕ ਸਥਿਤੀ ਨੂੰ ਬਿਆਨ ਕਰਦੀ ਹੈ। ਚੰਗੀ ਖ਼ਬਰ ਇਹ ਹੈ ਕਿ ਭਾਰਤ ਸਰਕਾਰ ਦੇ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਪੀਰੀਓਡਿਕ ਲੇਬਰ ਫੋਰਸ ਸਰਵੇਖਣ ਦੇ ਅਨੁਸਾਰ ਭਾਰਤ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਕਮੀ ਆਈ ਹੈ। ਸਰਵੇ ਅਨੁਸਾਰ ਸਾਲ 2022-23 ਵਿੱਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਗ੍ਰੈਜੂਏਟਾਂ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਕਮੀ ਆਈ ਹੈ। ਸਰਵੇਖਣ ਮੁਤਾਬਕ ਪਿਛਲੇ ਸਾਲ ਬੇਰੁਜ਼ਗਾਰੀ ਦਰ 14.9 ਫੀਸਦੀ ਸੀ ਜੋ ਹੁਣ ਘਟ ਕੇ 13.4 ਫੀਸਦੀ ਰਹਿ ਗਈ ਹੈ।
ਚੰਡੀਗੜ੍ਹ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ: 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ 5.6% ਹੈ। ਵੱਡੇ ਰਾਜਾਂ ਦੀ ਗੱਲ ਕਰੀਏ ਤਾਂ ਰਾਜਸਥਾਨ ਵਿੱਚ ਬੇਰੋਜ਼ਗਾਰੀ ਦਰ 23.1 ਫੀਸਦੀ ਅਤੇ ਉੜੀਸਾ ਵਿੱਚ 21.9 ਫੀਸਦੀ ਹੈ। ਅੰਡੇਮਾਨ ਅਤੇ ਨਿਕੋਬਾਰ ਵਿੱਚ ਸਭ ਤੋਂ ਵੱਧ 33% ਬੇਰੁਜ਼ਗਾਰੀ ਦਰ ਹੈ। ਇਸ ਤੋਂ ਬਾਅਦ ਲੱਦਾਖ 'ਚ ਇਹ ਦਰ 26.5 ਫੀਸਦੀ ਅਤੇ ਆਂਧਰਾ ਪ੍ਰਦੇਸ਼ 'ਚ 24 ਫੀਸਦੀ ਰਹੀ। ਇਹ ਅੰਕੜਾ ਜੁਲਾਈ 2022 ਤੋਂ ਜੂਨ 2023 ਤੱਕ ਕੀਤੇ ਗਏ ਸਰਵੇਖਣ 'ਤੇ ਆਧਾਰਿਤ ਹੈ।
ਜੁਲਾਈ 2022 ਤੋਂ ਜੂਨ 2023 ਤੱਕ ਦੇ ਸਰਵੇਖਣ 'ਤੇ ਆਧਾਰਿਤ : ਲੇਬਰ ਫੋਰਸ ਡੇਟਾ ਦੀ ਮਹੱਤਤਾ ਨੂੰ ਸਮਝਦੇ ਹੋਏ, NSSO ਯਾਨੀ ਰਾਸ਼ਟਰੀ ਨਮੂਨਾ ਸਰਵੇਖਣ ਦਫਤਰ ਨੇ ਅਪ੍ਰੈਲ 2017 ਵਿੱਚ ਪੀਰੀਓਡਿਕ ਲੇਬਰ ਫੋਰਸ ਸਰਵੇ ਯਾਨੀ PLFS ਸ਼ੁਰੂ ਕੀਤਾ। ਉਦੋਂ ਤੋਂ, PLFS ਦੀਆਂ ਪੰਜ ਸਾਲਾਨਾ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਹਨ। ਇਹ ਰਿਪੋਰਟ ਜੁਲਾਈ 2017 ਤੋਂ ਜੂਨ 2018, ਜੁਲਾਈ 2018 ਤੋਂ ਜੂਨ 2019, ਜੁਲਾਈ 2019 ਤੋਂ ਜੂਨ 2020, ਜੁਲਾਈ 2020 ਤੋਂ ਜੂਨ 2021 ਅਤੇ ਜੁਲਾਈ 2021 ਤੋਂ ਜੂਨ 2022 ਤੱਕ ਦੇ ਸਰਵੇਖਣਾਂ 'ਤੇ ਆਧਾਰਿਤ ਹੈ। ਹੁਣ NSSO ਨੇ ਛੇਵੀਂ ਰਿਪੋਰਟ ਜਾਰੀ ਕੀਤੀ ਹੈ ਜੋ ਜੁਲਾਈ 2022 ਤੋਂ ਜੂਨ 2023 ਤੱਕ ਦੇ ਸਰਵੇਖਣ 'ਤੇ ਆਧਾਰਿਤ ਹੈ।
ਕੁਝ ਮਹੀਨੇ ਪਹਿਲਾਂ, ਵਰਲਡ ਇਕਨਾਮਿਕ ਫੋਰਮ (WEF) ਦੀ ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਸੀ ਕਿ ਅਗਲੇ ਪੰਜ ਸਾਲਾਂ ਵਿੱਚ ਦੁਨੀਆ ਭਰ ਵਿੱਚ 14 ਮਿਲੀਅਨ ਨੌਕਰੀਆਂ ਖਤਮ ਹੋ ਜਾਣਗੀਆਂ। ਇਹ ਰਿਪੋਰਟ 800 ਤੋਂ ਵੱਧ ਕੰਪਨੀਆਂ ਦੇ ਸਰਵੇਖਣਾਂ 'ਤੇ ਆਧਾਰਿਤ ਹੈ ਕਿਉਂਕਿ ਕਈ ਕੰਪਨੀਆਂ ਹੁਣ ਮਸ਼ੀਨਾਂ ਵਰਗੀਆਂ ਨਵੀਆਂ ਤਕਨੀਕਾਂ ਅਪਣਾ ਰਹੀਆਂ ਹਨ।