ਦਵਾਰਕਾ/ਗੁਜਰਾਤ: ਦਵਾਰਕਾ ਦੇ ਪਿੰਡ ਰਾਣ ਵਿੱਚ ਸੋਮਵਾਰ ਨੂੰ ਦੁਪਹਿਰ ਇੱਕ ਵਜੇ ਦੇ ਕਰੀਬ ਇੱਕ ਢਾਈ ਸਾਲ ਦੀ ਬੱਚੀ ਖੇਡਦੇ ਹੋਏ 100 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਈ ਸੀ। ਸਥਾਨਕ ਲੋਕਾਂ ਨੂੰ ਇਸ ਘਟਨਾ ਦਾ ਪਤਾ ਚੱਲਿਆ, ਤਾਂ ਤੁਰੰਤ ਬੱਚੀ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਬਾਅਦ ਵਿੱਚ ਬੱਚੀ ਦੇ ਰੈਸਕਿਊ ਲਈ ਐਨਡੀਆਰਐਫ ਦੇ ਜਵਾਨ ਵੀ ਪਹੁੰਚੇ। ਬੱਚੀ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਤੇ ਸਫ਼ਲ ਵੀ ਹੋਏ, ਪਰ ਬੱਚੀ ਨੇ ਆਖਿਰ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ।
ਕਰੀਬ 8 ਘੰਟੇ ਬਾਅਦ ਬੱਚੀ ਨੂੰ ਕੀਤਾ ਗਿਆ ਸੀ ਰੈਸਕਿਊ: ਬੋਰਵੈਲ ਵਿੱਚ ਡਿੱਗੀ ਬੱਚੀ ਤੱਕ ਆਕਸੀਜਨ ਪਹੁੰਚਾਈ ਗਈ। ਨਾਲ ਹੀ ਬੱਚੀ ਨੂੰ ਰੱਸੀ ਨਾਲ ਬੰਨ ਕੇ 15 ਫੁੱਟ ਤੱਕ ਖਿੱਚਿਆ ਗਿਆ। ਕਰੀਬ 8 ਘੰਟਿਆਂ ਦੀ ਸਖ਼ਤ ਕੋਸ਼ਿਸ਼ਾਂ ਬਾਅਦ ਬੱਚੀ ਨੂੰ ਬੋਰਵੈਲ ਚੋਂ ਸਫ਼ਲਤਾਪੂਰਵਕ ਬਾਹਰ ਕੱਢਿਆ ਗਿਆ ਅਤੇ ਐਂਬੁਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ, ਮਾਸੂਮ ਦੀ ਇਲਾਜ ਦੌਰਾਨ ਮੌਤ ਹੋ ਗਈ। ਬੱਚੀ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਬੱਚੀ ਦਾ ਨਾਮ ਏਂਜਲ ਸ਼ਾਖਰਾ ਸੀ।
ਕੀ ਹੈ ਪੂਰਾ ਮਾਮਲਾ: ਨਵੇਂ ਵਰ੍ਹੇ ਦੇ ਪਹਿਲੇ ਦਿਨ ਦੁਪਹਿਰ 1 ਵਜੇ ਬੱਚੀ ਖੇਡਦੇ ਹੋਏ ਬੋਰਵੈੱਲ 'ਚ ਡਿੱਗ ਗਈ ਸੀ। ਇਸ ਬਾਰੇ ਜਦੋਂ ਸਥਾਨਕ ਲੋਕਾਂ ਨੂੰ ਪਤਾ ਲੱਗਾ, ਤਾਂ ਉਹ ਮੌਕੇ 'ਤੇ ਪੁੱਜੇ ਅਤੇ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਦੌਰਾਨ ਐਨਡੀਆਰਐਫ ਅਤੇ ਹੋਰ ਫਾਇਰ ਵਿਭਾਗਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਾਹਤ ਅਤੇ ਬਚਾਅ ਟੀਮ ਦੇ ਨਾਲ-ਨਾਲ ਮੈਡੀਕਲ ਟੀਮ ਵੀ ਮੌਕੇ 'ਤੇ ਪਹੁੰਚ ਗਈ।
ਬਚਾਅ ਮੁਹਿੰਮ ਦੌਰਾਨ ਪਤਾ ਲੱਗਾ ਕਿ ਬੱਚੀ 25 ਤੋਂ 30 ਫੁੱਟ ਦੀ ਡੂੰਘਾਈ 'ਤੇ ਬੋਰਵੈੱਲ 'ਚ ਫਸੀ ਹੈ। ਮੈਡੀਕਲ ਟੀਮ ਨੇ ਬੋਰਵੈੱਲ ਵਿੱਚ ਆਕਸੀਜਨ ਭੇਜੀ। ਨਾਲ ਹੀ, ਬੱਚੀ ਨੂੰ ਕਿਸੇ ਤਰ੍ਹਾਂ ਰੱਸੀ ਨਾਲ ਬੰਨ੍ਹ ਕੇ 15 ਫੁੱਟ ਤੱਕ ਖਿੱਚਿਆ ਗਿਆ। ਬੱਚੀ ਨੂੰ ਬਚਾਉਣ ਲਈ ਰੱਖਿਆ, NDRF ਅਤੇ SDRF ਟੀਮਾਂ ਤੋਂ ਮਦਦ ਮੰਗੀ ਗਈ। ਬੱਚੀ ਨੂੰ ਬਚਾਉਣ ਲਈ ਫੌਜ ਦੇ ਜਵਾਨ ਵੀ ਪਹੁੰਚ ਗਏ ਸਨ। ਜੇਸੀਬੀ ਦੀ ਮਦਦ ਨਾਲ ਨੇੜੇ ਹੀ ਟੋਆ ਪੁੱਟ ਕੇ ਬਚਾਅ ਕਾਰਜ ਚਲਾਇਆ ਗਿਆ। ਆਖਰਕਾਰ 8 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਬੱਚੀ ਨੂੰ ਸਫਲਤਾਪੂਰਵਕ ਬਾਹਰ ਕੱਢ ਲਿਆ ਗਿਆ। ਹਾਲਾਂਕਿ, ਕਿਸਮਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ, ਹਸਪਤਾਲ ਵਿੱਚ ਬੱਚੀ ਦੀ ਮੌਤ ਹੋ ਗਈ।