ਨਵੀਂ ਦਿੱਲੀ: ਦਿੱਲੀ ਵਿੱਚ ਕਥਿਤ ਸ਼ਰਾਬ ਘੁਟਾਲੇ ਵਿੱਚ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਰੌਜ਼ ਐਵੇਨਿਊ ਅਦਾਲਤ ਨੇ ਮੁੜ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਰਾਜ ਸਭਾ ਮੈਂਬਰ ਸੰਜੇ ਸਿੰਘ ਦਾ ਕਾਰਜਕਾਲ ਇਸ ਮਹੀਨੇ 27 ਜਨਵਰੀ ਨੂੰ ਖਤਮ ਹੋ ਰਿਹਾ ਹੈ। ਇਸ ਦੇ ਨਾਲ ਹੀ, ਦਿੱਲੀ ਦੀਆਂ ਤਿੰਨ ਰਾਜ ਸਭਾ ਸੀਟਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਤਰੀਕ 9 ਜਨਵਰੀ ਤੱਕ ਤੈਅ ਕੀਤੀ ਗਈ ਹੈ। ਇਨ੍ਹਾਂ ਸੀਟਾਂ ਲਈ 19 ਜਨਵਰੀ ਨੂੰ ਵੋਟਾਂ ਪੈਣਗੀਆਂ।
ਆਪ ਨੇ ਜਤਾਇਆ ਸੀ ਭਰੋਸਾ: ਦਰਅਸਲ, ਸੰਜੇ ਸਿੰਘ ਤੋਂ ਇਲਾਵਾ ਦਿੱਲੀ ਤੋਂ ਦੋ ਹੋਰ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਅਤੇ ਐਨਡੀ ਗੁਪਤਾ ਹਨ। ਉਨ੍ਹਾਂ ਦਾ ਕਾਰਜਕਾਲ ਵੀ 27 ਜਨਵਰੀ ਨੂੰ ਖ਼ਤਮ ਹੋ ਰਿਹਾ ਹੈ। ਪਰ, ਫਿਲਹਾਲ ਪਾਰਟੀ ਨੇ ਸਿਰਫ ਸੰਜੇ ਸਿੰਘ ਨੂੰ ਹੀ ਆਪਣਾ ਉਮੀਦਵਾਰ ਬਣਾਇਆ ਹੈ। ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਸੰਜੇ ਸਿੰਘ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਸ ਵਾਰ ਵੀ ਦਿੱਲੀ ਦੀਆਂ ਤਿੰਨੋਂ ਰਾਜ ਸਭਾ ਸੀਟਾਂ ਆਮ ਆਦਮੀ ਪਾਰਟੀ ਦੇ ਨਾਂ ਹੋ ਸਕਦੀਆਂ ਹਨ ਕਿਉਂਕਿ ਵਿਧਾਨ ਸਭਾ ਦੀਆਂ 70 ਸੀਟਾਂ ਵਿੱਚੋਂ 62 ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਅਤੇ 8 ਸੀਟਾਂ ‘ਤੇ ਭਾਜਪਾ ਦੇ ਵਿਧਾਇਕ ਹਨ।
ਦੂਜੇ ਪਾਸੇ, ਦਿੱਲੀ ਚੋਣ ਕਮਿਸ਼ਨ ਨੇ ਤਿੰਨੋਂ ਰਾਜ ਸਭਾ ਸੀਟਾਂ ਲਈ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 19 ਜਨਵਰੀ ਨੂੰ ਵੋਟਾਂ ਪੈਣ ਤੋਂ ਬਾਅਦ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ। ਦਿੱਲੀ ਸਰਕਾਰ ਨੇ ਟਰਾਂਸਪੋਰਟ ਕਮਿਸ਼ਨਰ ਆਸ਼ੀਸ਼ ਕੁੰਦਰਾ ਨੂੰ ਰਿਟਰਨਿੰਗ ਅਫਸਰ ਅਤੇ ਨੀਰਜ ਅਗਰਵਾਲ ਨੂੰ ਸਹਾਇਕ ਰਿਟਰਨਿੰਗ ਅਫਸਰ ਬਣਾਇਆ ਹੈ।
ਨਾਮਜ਼ਦਗੀਆਂ 9 ਜਨਵਰੀ ਤੱਕ ਹੋਣਗੀਆਂ ਦਾਖਲ: ਚੋਣ ਕਮਿਸ਼ਨ ਨੇ ਦਿੱਲੀ ਦੀਆਂ ਤਿੰਨ ਰਾਜ ਸਭਾ ਸੀਟਾਂ ਲਈ 22 ਦਸੰਬਰ ਨੂੰ ਐਲਾਨ ਕੀਤਾ ਸੀ ਅਤੇ ਇਸ ਦਾ ਨੋਟੀਫਿਕੇਸ਼ਨ 2 ਜਨਵਰੀ ਨੂੰ ਜਾਰੀ ਕੀਤਾ ਗਿਆ ਸੀ। ਇਸ ਚੋਣ ਲਈ ਨਾਮਜ਼ਦਗੀਆਂ 9 ਜਨਵਰੀ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ ਜਿਸ ਤੋਂ ਬਾਅਦ 10 ਜਨਵਰੀ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ। ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 12 ਜਨਵਰੀ ਹੈ। ਚੋਣਾਂ 19 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਚੱਲਣਗੀਆਂ। ਰਾਜ ਸਭਾ ਚੋਣਾਂ ਲਈ ਵੋਟਿੰਗ ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਹੋਵੇਗੀ।