ਚੰਡੀਗੜ੍ਹ: ਪਿਛਲੇ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਵਿਚਾਲ ਕਲੇਸ਼ ਚੱਲ ਰਿਹਾ ਸੀ, ਜੋ ਕਿ ਕੁਰਸੀ ’ਤੇ ਆ ਖ਼ਤਮ ਹੋ ਚੁੱਕਾ ਹੈ। ਜਦੋਂ ਤੋਂ ਬੇਅਦਬੀ ਮਾਮਲੇ ’ਚ ਹਾਈਕੋਰਟ ਨੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਖਾਰਜ ਕੀਤੀ ਹੈ ਉਦੋਂ ਤੋਂ ਲੈ ਕੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਰੋਸ ਜਤਾ ਰਹੇ ਸਨ।
ਇਹ ਵੀ ਪੜੋ: ਆਖਿਰ ਸਿੱਧੂ ਨੇ ਹੁਣ ਤੋੜ ਹੀ ਦਿੱਤੀ ਚੁੱਪ, ਜਾਣੋ ਕੀ ਬੋਲੇ...
ਸਿੱਧੂ ਦਾ ਕੈਪਟਨ ਖ਼ਿਲਾਫ਼ ਮੋਰਚਾ
ਸਿੱਧੂ ਵੱਲੋਂ ਆਏ ਦਿਨੀਂ ਟਵੀਟ ’ਤੇ ਟਵੀਟ ਕਰ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਭੜਾਸ ਕੱਢੀ ਜਾ ਰਹੀ ਸੀ, ਉਦੋਂ ਤਾਂ ਇੰਜ ਜਾਪ ਰਿਹਾ ਸੀ ਕਿ ਨਵਜੋਤ ਸਿੱਧੂ ਹੁਣ ਇਸ ਮਾਮਲੇ ਵਿੱਚ ਇਨਸਾਫ ਦਵਾਕੇ ਹੀ ਰਹਿਣਗੇ, ਪਰ ਹੋਇਆ ਉਲਟ ਸਿੱਧੂ ਹਾਈਕਮਾਨ ਕੋਲ ਗਏ ਤਾਂ ਇਨਸਾਫ ਦਾ ਝੰਡਾ ਲੈ ਕੇ ਸੀ ਜੋ ਕਿ ਕੁਰਸੀ ਹੇਠਾਂ ਆ ਟੁੱਟ ਗਿਆ।
ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼
ਪੰਜਾਬ ਕਾਂਗਰਸ ਦਾ ਕਮਾਂਡਰ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਲਗਾਤਾਰ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋ ਰਹੇ ਹਨ ਤਾਂ ਜੋ ਹਰ ਧਰਮ-ਜਾਤੀ ਦੇ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਸਕੇ।

ਵਿਧਾਇਕਾਂ ’ਤੇ ਮੰਤਰੀਆਂ ਦਾ ਸਾਥ
ਪੰਜਾਬ ਕਾਂਗਰਸ ਦਾ ਕਮਾਂਡਰ ਬਣਨ ਤੋਂ ਬਾਅਦ ਜਿਹੜੇ ਵਿਧਾਇਕ ਤੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੀ ਗੱਲ ਕਰਦੇ ਸਨ ਅੱਜ ਉਹ ਵੀ ਨਵਜੋਤ ਸਿੰਘ ਸਿੱਧੂ ਦਾ ਸਾਥ ਦੇ ਰਹੇ ਹਨ। ਨਵਜੋਤ ਸਿੰਘ ਸਿੱਧੂ ਜਿਹੜੇ-ਜਿਹੜੇ ਵੀ ਧਾਰਮਿਕ ਸਥਾਨ ’ਤੇ ਜਾ ਰਹੇ ਹਨ ਉਸ ਦੇ ਨਾਲ 64 ਵਿਧਾਇਕ ਵੀ ਉਥੇ ਹਾਜ਼ਰੀ ਭਰ ਰਹੇ ਹਨ। ਹੁਣ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਨਵਜੋਤ ਸਿੰਘ ਸਿੱਧੂ ਦੇ ਨਾਲ ਹਨ ਜਾਂ ਫਿਰ ਕੁਰਸੀ ਦੇ ਲਾਲਚ ਨੇ ਇਹਨਾਂ ਨੂੰ ਸਿੱਧੂ ਨਾਲ ਜਾਣ ਲਈ ਮਜ਼ਬੂਰ ਕੀਤਾ ਹੋਇਆ ਹੈ। ਨਵਜੋਤ ਸਿੱਧੂ ਦੇ ਨਾਲ ਸਾਬਕਾ ਪ੍ਰਧਾਨ ਸੁਨੀਲ ਜਾਖੜ, ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਪਿਰਮਲ ਸਿੰਘ, ਮਦਨ ਲਾਲ ਜਲਾਲਪੁਰ, ਹਰਜੋਤ ਕਮਲ, ਬਰਿੰਦਰ ਢਿੱਲੋਂ, ਅੰਮ੍ਰਿਤਸਰ ਮੇਅਰ ਰਿੰਟੂ।
ਇਸ ਤੋਂ ਇਲਾਵਾ ਵਿਧਾਇਕ ਜੋਗਿੰਦਰਪਾਲ ਭੋਆ, ਪ੍ਰਗਟ ਸਿੰਘ, ਤਰਸੇਮ ਸਿੰਘ ਡੀ.ਸੀ, ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਸ਼ੇਰ ਸਿੰਘ ਗੁਬਾਇਆ, ਵਿਧਾਇਕ ਅੰਗਦ ਸੈਣੀ, ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਰਾਜਾ ਵੜਿੰਗ, ਕੁਲਬੀਰ ਜ਼ੀਰਾ, ਸੁਖਜਿੰਦਰ ਰੰਧਾਵਾ, ਵਿਧਾਇਕ ਅਵਤਾਰ ਹੈਨਰੀ ਦੇ ਬੇਟੇ ਬਾਵਾ ਹੈਨਰੀ, ਗੁਰਪ੍ਰੀਤ ਸਿੰਘ ਜੀ.ਪੀ, ਲਖਵੀਰ ਸਿੰਘ ਲੱਖਾ, ਗੁਰਕਿਰਤ ਸਿੰਘ ਕੋਟਲੀ, ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜ਼ੀਆਂ ਸਮੇਤ ਕਈ ਹੋਰ ਵੀ ਵਿਧਾਇਕ ਤੇ ਮੰਤਰੀ ਮੌਜੂਦ ਸਨ।
ਸਿੱਖ ਵੋਟਰਾਂ ’ਤੇ ਨਿਗ੍ਹਾ
ਨਵਜੋਤ ਸਿੰਘ ਸਿੱਧੂ ਵੱਲੋਂ ਸਿੱਖ ਵੋਟਰਾਂ ਨੂੰ ਲੁਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਵਜੋਤ ਸਿੰਘ ਸਿੱਧੂ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਤਾਂ ਜੋ ਸਿੱਖ ਵੋਟਰਾਂ ਨੂੰ ਆਪਣੇ ਵੱਲ ਆਕਸ਼ਿਤ ਕੀਤਾ ਜਾ ਸਕੇ। ਜੇਕਰ ਪੰਜਾਬ ਵਿੱਚ ਸਿੱਖ ਵੋਟਰਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ 19 ਫੀਸਦ ਜੱਟ ਸਿੱਖ ਵੋਟਰ ਹਨ, ਜਿਹਨਾਂ ਨੂੰ ਨਵਜੋਤ ਸਿੰਘ ਸਿੱਧੂ ਲੁਭਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਹਿੰਦੂ ਵੋਟਰਾਂ ’ਤੇ ਨਿਸ਼ਾਨਾਂ
ਜਿੱਥੇ ਸਿੱਖ ਵੋਟਰਾਂ ਨੂੰ ਲੁਭਾਉਣ ਲਈ ਨਵਜੋਤ ਸਿੰਘ ਸਿੱਧੂ ਗੁਰਦੁਆਰਾ ਸਾਹਿਬ ਦਾ ਓਟ ਆਸਰਾ ਲੈ ਰਹੇ ਹਨ ਉਥੇ ਹੀ ਨਵਜੋਤ ਸਿੰਘ ਸਿੱਧੂ ਮੰਦਰਾਂ ’ਚ ਵੀ ਨਤਮਸਤਕ ਹੋ ਰਹੇ ਹਨ ਤਾਂ ਜੋ ਹਿੰਦੂ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਸਕੇ। ਪੰਜਾਬ ਵਿੱਚ ਹਿੰਦੂ ਵੋਟਰਾਂ ਦੀ ਸੰਖਿਆ 38.49 ਫੀਸਦ ਹੈ।
ਦਲਿਤ ਵੋਟਰਾਂ ’ਤੇ ਨਜ਼ਰ
ਇਸ ਤੋਂ ਇਲਾਵਾਂ ਨਵਜੋਤ ਸਿੰਘ ਸਿੱਧੂ ਵੱਲੋਂ ਦਲਿਤ ਵੋਟਰਾਂ ਨੂੰ ਵੀ ਲੁਭਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀ ਜਾ ਰਹੀ ਰਹੀਆਂ ਹਨ ਜਿਹਨਾਂ ਦੀ ਪੰਜਾਬ ਵਿੱਚ 31.94 ਫੀਸਦ ਵੋਟਰ ਦਲਿਤ ਹਨ। ਇਸ ਤੋਂ ਇਲਾਵਾਂ ਪੰਜਾਬ ਵਿੱਚ 10.57 ਫੀਸਦ ਹੋਰ ਧਰਮਾਂ ਦੇ ਲੋਕ ਰਹਿੰਦੇ ਹਨ।
ਇਸ ਤੋਂ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦਾ ਐਲਾਨ ਕੀਤਾ ਗਿਆ ਸੀ ਉਸ ਦਿਨ ਨਵਜੋਤ ਸਿੱਧੂ ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ, ਕਾਲੀ ਮਾਤਾ ਦੇ ਮੰਦਰ ਤੇ ਇੱਕ ਮਸਜਿਦ ’ਤੇ ਨਤਮਸਤਕ ਹੋਏ ਸਨ ਤੋਂ ਜੋ ਸਾਰੇ ਧਰਮਾਂ ਦੇ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਸਕੇ।

ਸੋ ਹਾਈਕਮਾਨ ਨੇ ਤਾਂ ਨਵਜੋਤ ਸਿੰਘ ਸਿੱਧੂ ਹੱਥ ਨਵੀਂ ਕਮਾਨ ਦੇ ਕੇ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਨੂੰ ਹੱਲ ਕਰ ਦਿੱਤਾ ਹੈ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜੇ ਵੀ ਇਸ ਗੱਲ ਉੱਤੇ ਅੜੇ ਹੋਏ ਹਨ ਕਿ ਨਵਜੋਤ ਸਿੰਘ ਸਿੱਧੂ ਮਾਫੀ ਮੰਗਣ, ਹੁਣ ਦੇਖਣਾ ਇਹ ਹੋਵੇਗਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਤੋਂ ਪਿਛਲੇ ਟਵੀਟਾਂ ਦੀ ਜਨਤਕ ਮੁਆਫੀ ਮੰਗਣਗੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਹਾਈਕਮਾਨ ਅੱਗੇ ਝੁਗ ਨਵਜੋਤ ਸਿੰਘ ਸਿੱਧੂ ਨਾਲ ਸਹਿਮਤੀ ਕਰਨਗੀ ਪਵੇਗਾ।