ਰਾਜੌਰੀ: ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਥਾਨਮੰਡੀ ਦੇ ਦਾਰਾ ਪੀਰ ਮੱਕਲ ਇਲਾਕੇ ਵਿੱਚ ਆਈਈਡੀ ਅਤੇ ਗ੍ਰਨੇਡ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਪੁਲਸ ਅਤੇ ਭਾਰਤੀ ਫੌਜ ਦੀ 48 ਰਾਸ਼ਟਰੀ ਰਾਈਫਲਜ਼ ਦੀ ਸਾਂਝੀ ਟੀਮ ਨੇ ਤਲਾਸ਼ੀ ਮੁਹਿੰਮ ਦੌਰਾਨ ਇਲਾਕੇ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਤੋਂ ਚਾਰ ਰਿਮੋਟ ਆਈਈਡੀ (ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ), ਛੇ ਯੂਬੀਜੀਐਲ (ਅੰਡਰ ਬੈਰਲ ਗ੍ਰੇਨੇਡ ਲਾਂਚਰ) ਗ੍ਰਨੇਡ, ਪੰਜ ਡੈਟੋਨੇਟਰ, ਚਾਰ ਫਿਊਜ਼, ਦੋ ਛੋਟੇ ਬਾਕਸ ਪੈਕੇਜ ਅਤੇ ਹੋਰ ਅਣਪਛਾਤੀ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਨਵੰਬਰ ਵਿੱਚ, ਜੰਮੂ-ਕਸ਼ਮੀਰ ਪੁਲਿਸ ਨੇ ਭਾਰਤੀ ਸੈਨਾ ਦੇ ਨਾਲ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ, ਕੰਟਰੋਲ ਰੇਖਾ (ਨਿਯੰਤਰਣ ਰੇਖਾ) ਦੇ ਨੇੜੇ ਪਲਾਂਵਾਲਾ ਪਿੰਡ ਦੇ ਖੇਤਰ ਵਿੱਚ ਇੱਕ ਡਰੋਨ ਦੁਆਰਾ ਸੁੱਟੇ ਗਏ ਇੱਕ ਬਾਕਸ ਨੂੰ ਬਰਾਮਦ ਕੀਤਾ ਸੀ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਬਾਕਸ ਵਿੱਚੋਂ 9 ਗ੍ਰਨੇਡ, ਇੱਕ ਪਿਸਤੌਲ, ਪਿਸਤੌਲ ਦੇ ਦੋ ਮੈਗਜ਼ੀਨ, 38 ਰੌਂਦ ਗੋਲਾ ਬਾਰੂਦ ਅਤੇ ਬੈਟਰੀ ਨਾਲ ਲੈਸ ਇੱਕ ਆਈਈਡੀ ਬਰਾਮਦ ਕੀਤਾ ਹੈ। ਇਸੇ ਮਹੀਨੇ ਜੰਮੂ ਪੁਲਿਸ ਨੇ ਜੰਮੂ ਦੇ ਸਿੱਧਰਾ ਨਰਵਾਲ ਹਾਈਵੇ 'ਤੇ ਟਿਫ਼ਨ ਬਾਕਸ 'ਚ ਰੱਖਿਆ ਆਈਈਡੀ ਬਰਾਮਦ ਕੀਤਾ ਸੀ।
ਦੱਸ ਦਈਏ ਕਿ ਪਿਛਲੇ ਮਹੀਨੇ ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਬਾਜੀ ਮੱਲ ਫੋਰੈਸਟ ਇਲਾਕੇ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਦੋ ਅਫਸਰਾਂ (ਕੈਪਟਨ) ਸਮੇਤ ਚਾਰ ਜਵਾਨ ਸ਼ਹੀਦ ਹੋ ਗਏ ਸਨ। ਇਸ ਮੁਕਾਬਲੇ ਵਿੱਚ ਕੈਪਟਨ ਐਮਵੀ ਪ੍ਰਾਂਜਲ (63 ਆਰਆਰ/ਸਿਗਨਲ), ਕੈਪਟਨ ਸ਼ੁਭਮ-9 ਪੈਰਾ (ਐਸਐਫ) ਅਤੇ ਹੌਲਦਾਰ ਮਜੀਦ-9 ਪੈਰਾ (ਐਸਐਫ) ਸ਼ਹੀਦ ਹੋਏ ਸਨ। ਹਾਲਾਂਕਿ ਬਾਅਦ 'ਚ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਅੱਤਵਾਦੀਆਂ ਨੂੰ ਵੀ ਮਾਰ ਦਿੱਤਾ।