ਮੱਧ ਪ੍ਰਦੇਸ਼/ਰਾਜਗੜ੍ਹ: ਜ਼ਿਲ੍ਹੇ 'ਚ ਬੋਰਵੈੱਲ ਵਿੱਚ ਫਸੀ 5 ਸਾਲਾ ਮਾਸੂਮ ਬੱਚੀ ਨੂੰ ਬੀਤੀ ਮੰਗਲਵਾਰ-ਬੁੱਧਵਾਰ ਦੀ ਰਾਤ ਕਰੀਬ 3 ਵਜੇ NDRF ਅਤੇ SDRF ਦੀ ਟੀਮ ਨੇ ਕਰੀਬ 7 ਤੋਂ 8 ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਰੈਸਕਿਊ ਕੀਤਾ। ਉਸ ਸਮੇਂ ਬੱਚੀ ਸਾਹ ਲੈ ਰਹੀ ਸੀ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਭੋਪਾਲ ਹਸਪਤਾਲ ਭੇਜਿਆ ਗਿਆ, ਜਿੱਥੇ ਮਾਹੀ ਦੀ ਮੌਤ ਹੋ ਗਈ। ਦੱਸ ਦਈਏ ਕਿ ਇਹ ਘਟਨਾ ਬੋਦਾ ਥਾਣਾ ਖੇਤਰ ਦੇ ਪਿਪਲੀਆ ਰਾਸੋਦਾ ਪਿੰਡ ਦੀ ਹੈ। ਮੰਗਲਵਾਰ ਸ਼ਾਮ ਨੂੰ ਬੱਚੀ ਖੇਡਦੇ ਹੋਏ ਬੋਰਵੈੱਲ 'ਚ ਡਿੱਗ ਗਈ ਸੀ।
ਖੇਡਦੇ ਹੋਏ ਬੋਰਵੈੱਲ ਵਿੱਚ ਡਿੱਗੀ ਸੀ ਮਾਹੀ : ਜਾਣਕਾਰੀ ਅਨੁਸਾਰ ਨਰਸਿੰਘਗੜ੍ਹ ਅਧੀਨ ਪੈਂਦੇ ਪਿੰਡ ਪਿੱਪਲੀਆ ਰਸੋਦਾ 'ਚ 5 ਸਾਲਾ ਮਾਹੀ, ਜੋ ਕਿ ਆਪਣੇ ਨਾਨਕੇ ਆਈ ਸੀ। ਮੰਗਲਵਾਰ ਸ਼ਾਮ ਕਰੀਬ 5 ਵਜੇ ਖੇਤ 'ਚ ਬੱਚਿਆਂ ਨਾਲ ਖੇਡ ਰਹੀ ਸੀ ਅਤੇ ਪੁਰਾਣੇ ਬੋਰਵੈੱਲ 'ਚ ਡਿੱਗ ਗਈ। ਮਾਹੀ ਰਾਜਗੜ੍ਹ ਜ਼ਿਲ੍ਹੇ ਦੀ ਤਹਿਸੀਲ 'ਚ ਕਰੀਬ 25 ਤੋਂ 30 ਫੁੱਟ ਡੂੰਘੇ ਟੋਏ 'ਚ ਡਿੱਗ ਗਈ ਜਿਸ ਦੀ ਸੂਚਨਾ ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਗਈ। ਉਪਰੋਕਤ ਸੂਚਨਾ ਮਿਲਣ 'ਤੇ ਰਾਜਗੜ੍ਹ ਦੀ ਐਸ.ਡੀ.ਆਰ.ਐਫ ਟੀਮ ਨੇ ਮੌਕੇ 'ਤੇ ਪਹੁੰਚ ਕੇ ਜੇ.ਸੀ.ਬੀ ਅਤੇ ਹੋਰ ਸਾਮਾਨ ਮੰਗਵਾ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਕੈਮਰੇ ਲਗਾ ਕੇ ਬੱਚੀ ਨੂੰ ਆਕਸੀਜਨ ਮੁਹੱਈਆ ਕਰਵਾਉਣ ਸਣੇ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਗਈ।
ਮਾਹੀ ਹਾਰੀ ਜ਼ਿੰਦਗੀ ਦੀ ਜੰਗ : ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਭੋਪਾਲ ਅਤੇ ਗੁਨਾ ਜ਼ਿਲ੍ਹਿਆਂ ਤੋਂ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਮੁੱਖ ਮੰਤਰੀ ਦਫ਼ਤਰ ਨੇ ਵੀ ਰਾਜਗੜ੍ਹ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਬੀਤੀ ਰਾਤ ਤੱਕ ਜਾਰੀ ਬਚਾਅ ਮੁਹਿੰਮ ਤੋਂ ਬਾਅਦ ਆਖਰਕਾਰ ਇਸ ਨੂੰ ਸਫਲਤਾ ਮਿਲੀ ਅਤੇ ਮਾਹੀ ਨੂੰ ਬਾਹਰ ਕੱਢ ਲਿਆ ਗਿਆ। ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਭੋਪਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਲ੍ਹਾ ਹਸਪਤਾਲ ਦੇ ਸੀਐਮਐਚਓ ਡਾਕਟਰ ਕਿਰਨ ਵਾਡੀਆ ਨੇ ਕਿਹਾ, ''ਅਸੀਂ ਲੜਕੀ ਨੂੰ ਰਾਜਗੜ੍ਹ ਤੋਂ ਸਿੱਧਾ ਹਸਪਤਾਲ ਲਿਆਂਦਾ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।"