ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦੀ ਤਰੀਕ ਦਾ ਐਲਾਨ ਹੋ ਚੁੱਕਾ ਹੈ ਤੇ 20 ਫਰਵਰੀ ਨੂੰ ਵੋਟਿੰਗ ਹੋਣ ਜਾ ਰਹੀਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਹਰ ਪਾਰਟੀ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਤੇ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ। ਇਸ ਸਭ ਵਿਚਾਲੇ ਪੰਜਾਬ ਕਾਂਗਰਸ ’ਚ ਟਿਕਟਾਂ ਦੀ ਵੰਡ ਨੂੰ ਲੈ ਕੇ ਪੇਚ ਫਸਿਆ ਹੋਇਆ ਨਜ਼ਰ ਆ ਰਿਹਾ ਹੈ, ਜਿਸ ਨੂੰ ਹਾਈਕਮਾਨ ਹੱਲ ਕਰਨ ਵਿੱਚ ਲੱਗਾ ਹੋਇਆ ਹੈ।
ਇਹ ਵੀ ਪੜੋ: ਹਰਮੀਤ ਸਿੰਘ ਕਾਲਕਾ ਬਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਹਾਈਕਮਾਨ ਨੇ ਸੱਦੀ ਬੈਠਕ
ਪੰਜਾਬ ਕਾਂਗਰਸ ’ਚ ਟਿਕਟਾਂ ਦੀ ਵੰਡ ਨੂੰ ਲੈ ਕੇ ਹਾਈਕਮਾਨ ਵੱਲੋਂ ਸ਼ਨੀਵਾਰ ਨੂੰ ਚੋਣ ਕਮੇਟੀ ਦੀ ਇੱਕ ਮੀਟਿੰਗ ਬੁਲਾਈ ਗਈ, ਪਰ ਇਹ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਬੇਸਿੱਟਾ ਰਹਿਣ ਤੋਂ ਮਗਰੋਂ ਹਾਈਕਮਾਨ ਨੇ ਇਸ ਮਤਭੇਦ ਨੂੰ ਹੱਲ ਕਰਨ ਲਈ ਇੱਕ ਸਬ-ਕਮੇਟੀ ਬਣਾਈ ਹੈ ਜੋ 31 ਸੀਟਾਂ 'ਤੇ ਪਾਰਟੀ ਦੇ ਉਮੀਦਵਾਰਾਂ ਬਾਰੇ ਸਹਿਮਤੀ ਬਣਾਏਗੀ। ਇਸ ਨਵੀਂ ਬਣੀ ਕਮੇਟੀ ਵਿੱਚ ਕੇ.ਸੀ. ਵੇਣੂਗੋਪਾਲ, ਅੰਬਿਕਾ ਸੋਨੀ ਅਤੇ ਕਾਂਗਰਸ ਸਕਰੀਨਿੰਗ ਕਮੇਟੀ ਪੰਜਾਬ ਦੇ ਪ੍ਰਧਾਨ ਅਜੈ ਮਾਕਨ ਸ਼ਾਮਲ ਹਨ।
ਸਿੱਧੂ ਤੇ ਚੰਨੀ ਵਿਚਾਲੇ ਮਤਭੇਦ
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਜੋ ਹਾਈਕਮਾਨ ਨੇ ਬੈਠਕ ਬੁਲਾਈ ਸੀ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਮਤਭੇਦਾਂ ਕਾਰਨ ਬੇਸਿੱਟਾ ਰਹੀ। ਖ਼ਬਰਾਂ ਇਹ ਮਿਲ ਰਹੀਆਂ ਹਨ ਕਿ ਮੁੱਖ ਮੰਤਰੀ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਉਮੀਦਵਾਰਾਂ ਨੂੰ ਲੈ ਕੇ ਇੱਕ ਮੱਤ ਨਹੀਂ ਮਿਲ ਰਹੀ ਹੈ।
ਹੁਣ ਤਕ ਪਾਰਟੀ ਨੇ 86 ਉਮੀਦਵਾਰਾਂ ਦਾ ਕੀਤਾ ਐਲਾਨ
ਕਾਂਗਰਸ ਪਾਰਟੀ ਵਲੋਂ ਹੁਣ ਤਕ 86 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਖ਼ਬਰਾਂ ਇਹ ਮਿਲ ਰਹੀਆਂ ਹਨ ਕਿ ਬਾਕੀ 31 ਸੀਟਾਂ 'ਤੇ ਪਾਰਟੀ ਦੇ ਉਮੀਦਵਾਰਾਂ ਬਾਰੇ ਚਰਚਾ ਕਰਨ ਲਈ ਇੱਕ ਸਬ-ਕਮੇਟੀ ਬਣਾਈ ਹੈ।
ਇਹ ਵੀ ਪੜੋ: ਮਾਈਨਿੰਗ ਮਾਮਲੇ ’ਚ ਚੰਨੀ ਦਾ ਮਜੀਠੀਆ ਨੂੰ ਠੋਕਵਾਂ ਜਵਾਬ !
ਪਾਰਟੀ ਦੀ ਸਾਂਝੀ ਅਗਵਾਈ ਵਿੱਚ ਲੜੇਗੀ ਚੋਣਾਂ
ਦੱਸ ਦਈਏ ਕਿ ਕਾਂਗਰਸ ਪਾਰਟੀ ਵੱਲੋਂ ਅਜੇ ਕੋਈ ਵੀ ਮੁੱਖ ਮੰਤਰੀ ਚਿਹਰਾ ਨਹੀਂ ਐਲਾਨਿਆ ਗਿਆ ਅਤੇ ਕਿਹਾ ਗਿਆ ਕਿ ਪਾਰਟੀ ਦੀ ਸਾਂਝੀ ਅਗਵਾਈ ਵਿੱਚ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ।