ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਡਿਜ਼ਾਈਨ ਕੀਤੇ ਵਿਸਟਾਡੋਮ ਕੋਚ ਅਤੇ ਅੱਠ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਉਣਗੇ। ਪੀਐਮ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਇਹ ਰੇਲ ਗੱਡੀਆਂ ਕੇਵੜੀਆ (ਸਟੈਚੂ ਆਫ਼ ਯੂਨਿਟੀ) ਨੂੰ ਵਾਰਾਣਸੀ, ਦਾਦਰ, ਅਹਿਮਦਾਬਾਦ, ਹਜ਼ਰਤ ਨਿਜ਼ਾਮੂਦੀਨ, ਰੀਵਾ, ਚੇਨਈ ਅਤੇ ਪ੍ਰਤਾਪਨਗਰ ਨਾਲ ਜੋੜਨਗੀਆਂ।
ਇਸ ਯੋਜਨਾ ਦੇ ਨਾਲ, ਵਿਸ਼ਵ ਦੀ ਸਭ ਤੋਂ ਵੱਡੀ ਮੂਰਤੀ ਸਟੈਚੂ ਆਫ਼ ਯੂਨਿਟੀ ਨੂੰ ਵੀ ਭਾਰਤੀ ਰੇਲਵੇ ਦੇ ਨਕਸ਼ੇ 'ਤੇ ਜਗ੍ਹਾ ਮਿਲੇਗੀ। ਹੁਣ, ਕੇਵੜੀਆ ਸਿੱਧੇ ਤੌਰ 'ਤੇ ਰੇਲ ਯਾਤਰਾ ਰਾਹੀਂ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚਿਆ ਜਾ ਸਕਦਾ ਹੈ।
ਨਵੀਆਂ ਸਹੂਲਤਾਂ ਨਾਲ ਲੈਸ ਕੇਵੜੀਆ ਰੇਲਵੇ ਸਟੇਸ਼ਨ
ਕੇਵੜੀਆ ਰੇਲਵੇ ਸਟੇਸ਼ਨ ਨਵੀਆਂ ਸਹੂਲਤਾਂ ਨਾਲ ਲੈਸ ਹੈ। ਇਹ ਦੇਸ਼ ਦਾ ਪਹਿਲਾ ਗ੍ਰੀਨ ਬਿਲਡਿੰਗ ਸਰਟੀਫਿਕੇਟ ਰੇਲਵੇ ਸਟੇਸ਼ਨ ਹੈ।
ਵਿਸਟਾਡੋਮ ਟੂਰਿਸਟ ਕੋਚ ਨੂੰ ਆਈਸੀਐਫ ਨੇ ਬਣਾਇਆ ਹੈ। ਇਸ ਵਿੱਚ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸਮਰੱਥਾ ਹੈ। ਕੋਚ ਵਿੱਚ ਵੱਡੀ ਗਲਾਸ ਵਿੰਡੋ, ਗਲਾਸ ਰੂਫ, ਰੋਟੇਬਲ ਸੀਟ ਅਤੇ ਆਬਜ਼ਰਵੇਸ਼ਨ ਲਾਜ ਹਨ। ਇਨ੍ਹਾਂ ਬੋਗੀਆਂ ਬਣਾਉਣ ਦਾ ਉਦੇਸ਼ ਯਾਤਰੀਆਂ ਨੂੰ ਯਾਤਰਾ ਦੌਰਾਨ ਆਲੇ ਦੁਆਲੇ ਦੇ ਵਿਊ ਦਾ ਅਨੰਦ ਲੈਣ ਦੀ ਸਹੂਲਤ ਦੇਣਾ ਹੈ। ਇਨ੍ਹਾਂ ਬੋਗੀਆਂ ਵਿੱਚ 44 ਯਾਤਰੀ ਸੀਟਾਂ ਦੇ ਨਾਲ ਨਾਲ ਇੱਕ ਵਾਈਫਾਈ-ਅਧਾਰਤ ਪੈਸੇਂਜਰ ਇਨਫਾਰਮੇਸ਼ਨ ਸਿਸਟਮ ਵੀ ਹੈ।
ਪੀਐਮ ਮੋਦੀ ਕਈ ਹੋਰ ਰੇਲਵੇ ਪ੍ਰਾਜੈਕਟਾਂ ਦੀ ਕਰਨਗੇ ਸ਼ੁਰੂਆਤ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿਚ ਦੱਸਿਆ ਗਿਆ ਸੀ ਕਿ ਪੀਐਮ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਨਾਲ ਜੁੜੇ ਕਈ ਹੋਰ ਰੇਲਵੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ। ਪੀਐਮ ਮੋਦੀ ਦਭੋਈ, ਚੰਦੋਦ ਅਤੇ ਕੇਵੜੀਆ ਦੇ ਰੇਲਵੇ ਸਟੇਸ਼ਨਾਂ ਦੀਆਂ ਨਵੀਆਂ ਇਮਾਰਤਾਂ ਦਾ ਉਦਘਾਟਨ ਵੀ ਕਰਨਗੇ। ਕੇਂਦਰ ਸਰਕਾਰ ਦੇ ਇਸ ਪ੍ਰਾਜੈਕਟ ਨਾਲ ਗੁਜਰਾਤ ਦੇ ਸੈਰ-ਸਪਾਟਾ ਉਦਯੋਗ ਨੂੰ ਬਹੁਤ ਫਾਇਦਾ ਹੋਏਗਾ। ਸਟੈਚੂ ਆਫ਼ ਯੂਨਿਟੀ ਨੂੰ ਵੇਖਣ ਦੇ ਸ਼ੌਕੀਨ ਲੋਕਾਂ ਨੂੰ ਰੇਲਵੇ ਦੀ ਇਸ ਸੇਵਾ ਤੋਂ ਯਾਤਰਾ ਵਿੱਚ ਆਸਾਨੀ ਹੋਵੇਗੀ। ਪੀਐੱਮ ਮੋਦੀ ਨੇ ਕਈ ਭਾਸ਼ਣਾਂ ਵਿੱਚ ਸੈਰ-ਸਪਾਟਾ ਉੱਤੇ ਜ਼ੋਰ ਦੇਣ ਲਈ ਵੀ ਕਿਹਾ ਹੈ।