ਨਵੀਂ ਦਿੱਲੀ: ਜਹਾਂਗੀਰਪੁਰੀ ਵਿੱਚ ਹੋਈ ਹਿੰਸਾ ਦੇ ਮੁਲਜ਼ਮਾਂ ਖ਼ਿਲਾਫ਼ ਪੁਲਿਸ ਨੇ ਸਖ਼ਤ ਕਾਰਵਾਈ ਦੀ ਤਿਆਰੀ (JAHANGIRPURI VIOLENCE IN DELHI) ਕਰ ਲਈ ਹੈ। ਜਿੱਥੇ ਇੱਕ ਪਾਸੇ ਰਾਸ਼ਟਰੀ ਸੁਰੱਖਿਆ ਐਕਟ (ਐੱਨ.ਐੱਸ.ਏ.) ਦੇ ਤਹਿਤ ਪੰਜ ਮੁਲਜ਼ਮਾਂ ਖ਼ਿਲਾਫ ਕਾਰਵਾਈ ਕੀਤੀ ਗਈ ਹੈ, ਉੱਥੇ ਹੀ ਦੂਜੇ ਪਾਸੇ ਯੂਏਪੀਏ ਐਕਟ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਇਸ ਦੇ ਲਈ ਪੁਲਿਸ ਕਾਨੂੰਨੀ ਸਲਾਹ ਵੀ ਲੈ ਰਹੀ ਹੈ।
ਜਾਣਕਾਰੀ ਮੁਤਾਬਕ 16 ਅਪ੍ਰੈਲ ਨੂੰ ਜਹਾਂਗੀਰਪੁਰੀ 'ਚ ਜਲੂਸ ਦੌਰਾਨ ਦੋ ਫਿਰਕਿਆਂ 'ਚ ਲੜਾਈ ਹੋ ਗਈ ਸੀ। ਇਸ ਝਗੜੇ ਵਿੱਚ ਦੋਵਾਂ ਭਾਈਚਾਰਿਆਂ ਵੱਲੋਂ ਪੱਥਰਬਾਜ਼ੀ ਕੀਤੀ ਗਈ। ਇਸ ਦੇ ਨਾਲ ਹੀ ਕੁਝ ਮੁਲਜ਼ਮਾਂ ਨੇ ਗੋਲੀਆਂ ਵੀ ਚਲਾ ਦਿੱਤੀਆਂ। ਇਸ ਘਟਨਾ ਵਿੱਚ ਹੁਣ ਤੱਕ 23 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ ਤਿੰਨ ਨਾਬਾਲਗ ਫੜੇ ਗਏ ਹਨ। ਇਸ ਮਾਮਲੇ ਵਿੱਚ ਵੱਡੀ ਸਾਜਿਸ਼ ਦੇ ਇਲਜ਼ਾਮ ਲਾਏ ਜਾ ਰਹੇ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਪੁਲਿਸ ਟੀਮ ਜਾਂਚ ਕਰ ਰਹੀ ਹੈ। ਇਸ ਦੇ ਲਈ ਕ੍ਰਾਈਮ ਬ੍ਰਾਂਚ ਦੀਆਂ 14 ਟੀਮਾਂ ਬਣਾਈਆਂ ਗਈਆਂ ਹਨ।
ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਇਸ ਘਟਨਾ ਦੇ ਪੰਜ ਮੁਸਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਖ਼ਿਲਾਫ ਰਾਸ਼ਟਰੀ ਸੁਰੱਖਿਆ ਐਕਟ ਲਗਾਇਆ ਹੈ। ਇੰਨ੍ਹਾਂ ਮੁਲਜ਼ਮਾਂ ਦੇ ਨਾਂ ਅੰਸਾਰ, ਸਲੀਮ ਚਿਕਨਾ, ਇਮਾਮ ਸ਼ੇਖ, ਦਿਲਸ਼ਾਦ ਅਤੇ ਅਹੀਦ ਹਨ। ਸੂਤਰਾਂ ਨੇ ਦੱਸਿਆ ਕਿ ਐਨਐਸਏ ਲਗਾਉਣ ਦੀ ਸ਼ਕਤੀ ਉਪ ਰਾਜਪਾਲ ਦੀ ਤਰਫੋਂ ਪੁਲਿਸ ਕਮਿਸ਼ਨਰ ਨੂੰ ਦਿੱਤੀ ਗਈ ਹੈ। ਕਮਿਸ਼ਨਰ ਦੀ ਮਨਜ਼ੂਰੀ ਤੋਂ ਬਾਅਦ ਹੀ ਐਨਐਸਏ ਲਗਾਇਆ ਜਾਂਦਾ ਹੈ। ਫਿਲਹਾਲ ਪੁਲਿਸ ਨੇ ਸਿਰਫ਼ ਪੰਜ ਵਿਅਕਤੀਆਂ 'ਤੇ ਹੀ ਐਨ.ਐਸ.ਏ ਲਗਾਇਆ ਹੈ, ਪਰ ਬਾਕੀ ਮੁਲਜ਼ਮਾਂ 'ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਸਾਜ਼ਿਸ਼ ਨੂੰ ਧਿਆਨ ਵਿਚ ਰੱਖਦੇ ਹੋਏ ਯੂਏਪੀਏ ਐਕਟ ਤਹਿਤ ਵੱਖਰਾ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਦੰਗੇ 'ਚ ਸ਼ਾਮਲ ਮੁਲਜ਼ਮਾਂ ਖ਼ਿਲਾਫ ਸਖਤ ਕਾਰਵਾਈ ਕਰਨਾ ਚਾਹੁੰਦੀ ਹੈ। ਇਸ ਕਾਰਨ ਕਾਨੂੰਨੀ ਸਲਾਹ ਲੈ ਕੇ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ। ਇਸ ਦੰਗੇ ਵਿਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਤੋਂ ਬਾਅਦ ਅਪਰਾਧ ਸ਼ਾਖਾ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ: JEHANGIRPURI VIOLENCE: ਮੁੱਖ ਆਰੋਪੀ ਅੰਸਾਰ ਦੀਆਂ ਫੋਟੋਆਂ ਹੋ ਰਹੀਆਂ ਵਾਇਰਲ