ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲੇ ਵੱਧ ਰਹੇ ਹਨ। ਮਹਾਰਾਸ਼ਟਰ ਵਿੱਚ ਅੱਠ ਹੋਰ ਕੋਰੋਨਾ ਪਾਜ਼ਟਿਵ ਮਰੀਜ਼ ਪਾਏ ਗਏ ਹਨ। ਸੱਤ ਮਾਮਲੇ ਮੁੰਬਈ ਅਤੇ ਇੱਕ ਵਸਈ ਵਿਰਾਰ ਵਿੱਚ ਸਾਹਮਣੇ ਆਏ ਹਨ। ਰਾਜ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਸੰਕਰਮਿਤ ਪਾਏ ਗਏ ਵਿਅਕਤੀਆਂ ਨੇ ਕਿਸੇ ਹੋਰ ਦੇਸ਼ ਦੀ ਯਾਤਰਾ ਨਹੀਂ (no international travel history) ਕੀਤੀ ਜੋ ਕਿ ਚਿੰਤਾ ਦਾ ਵਿਸ਼ਾ ਹੈ। ਰਾਜ ਵਿੱਚ ਹੁਣ ਤੱਕ ਨਵੇਂ ਸਟ੍ਰੇਨ ਦੇ ਕੁੱਲ 28 ਮਾਮਲੇ ਸਾਹਮਣੇ ਆਏ ਹਨ। ਇੰਨ੍ਹਾਂ ਵਿੱਚੋਂ 9 ਨੂੰ ਆਰਟੀ-ਪੀਸੀਆਰ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਰਾਸ਼ਟਰੀ ਰਾਜਧਾਨੀ ਵਿੱਚ, ਚਾਰ ਹੋਰ ਲੋਕ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਨਾਲ ਪੀੜਤ ਪਾਏ ਗਏ ਹਨ ਅਤੇ ਇਹ ਸਾਰੇ ਹਾਲ ਹੀ ਵਿੱਚ ਵਿਦੇਸ਼ ਯਾਤਰਾ ਕਰ ਚੁੱਕੇ ਹਨ।
ਸਿਹਤ ਵਿਭਾਗ ਨੇ ਕਿਹਾ ਹੈ ਕਿ ਨਵੇਂ ਮਾਮਲਿਆਂ ਦੇ ਨਾਲ ਹੀ ਰਾਜ ਵਿੱਚ ਸਾਰਸ-ਕੋਵ -2 ਦੇ ਨਵੇਂ ਰੂਪ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 28 ਹੋ ਗਈ ਹੈ। ਇੰਨ੍ਹਾਂ ਵਿੱਚੋਂ ਸੱਤ ਮਾਮਲੇ ਮੁੰਬਈ ਵਿੱਚ ਸਾਹਮਣੇ ਆਏ ਹਨ ਅਤੇ ਪੀੜਤਾਂ ਵਿੱਚੋਂ ਤਿੰਨ ਔਰਤਾਂ ਹਨ।
ਸਿਹਤ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ (ਪੁਣੇ-ਅਧਾਰਿਤ) ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੁਆਰਾ ਦਿੱਤੀ ਗਈ ਰਿਪੋਰਟ ਦੇ ਅਨੁਸਾਰ, ਰਾਜ ਵਿੱਚ ਅੱਠ ਹੋਰ ਮਰੀਜ਼ ਓਮੀਕਰੋਨ ਨਾਲ ਸੰਕਰਮਿਤ ਪਾਏ ਗਏ ਹਨ। ਇੰਨ੍ਹਾਂ ਵਿੱਚੋਂ ਸੱਤ ਮਰੀਜ਼ ਮੁੰਬਈ ਦੇ ਹਨ ਅਤੇ ਇੱਕ ਮਰੀਜ਼ ਵਸਈ-ਵਿਰਾਰ (ਮੁੰਬਈ ਦੀ ਇੱਕ ਛੋਟੀ ਜਿਹੀ ਬਸਤੀ) ਦਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਇੰਨ੍ਹਾਂ ਅੱਠ ਵਿਅਕਤੀਆਂ ਵਿਚੋਂ 7 ਨੂੰ ਕੋਵਿਡ-19 ਦਾ ਟੀਕਾ ਲਗਾਇਆ ਗਿਆ ਹੈ ਅਤੇ ਦਸੰਬਰ ਦੇ ਪਹਿਲੇ ਹਫ਼ਤੇ ਉਨ੍ਹਾਂ ਦੇ ਥੁੱਕ ਦੇ ਨਮੂਨੇ ਟੈਸਟ ਲਈ ਲਏ ਗਏ ਹਨ। ਵਿਭਾਗ ਨੇ ਕਿਹਾ ਕਿ ਸਾਰੇ ਸੰਕਰਮਿਤ 24 ਤੋਂ 41 ਸਾਲ ਦੀ ਉਮਰ ਦੇ ਹਨ। ਅੱਠ ਵਿੱਚੋਂ ਤਿੰਨ ਵਿੱਚ ਕੋਈ ਲੱਛਣ ਨਹੀਂ ਦਿਖਾਈ ਦੇ ਰਹੇ ਹਨ, ਜਦੋਂ ਕਿ ਪੰਜ ਵਿੱਚ ਲਾਗ ਦੇ ਹਲਕੇ ਲੱਛਣ ਹਨ। ਬੁਲੇਟਿਨ ਵਿੱਚ ਕਿਹਾ ਗਿਆ ਹੈ, "ਮੁੱਢਲੀ ਜਾਣਕਾਰੀ ਦੇ ਅਨੁਸਾਰ, ਉਨ੍ਹਾਂ ਵਿੱਚੋਂ ਕੋਈ ਵੀ ਕਿਸੇ ਹੋਰ ਦੇਸ਼ ਤੋਂ ਵਾਪਸ ਨਹੀਂ ਆਇਆ ਹੈ।" ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਓਮੀਕਰੋਨ ਨਾਲ ਸੰਕਰਮਿਤ ਲੋਕਾਂ ਵਿੱਚੋਂ ਇੱਕ ਨੇ ਬੈਂਗਲੁਰੂ ਦੀ ਯਾਤਰਾ ਕੀਤੀ ਸੀ, ਜਦੋਂ ਕਿ ਦੂਜੇ ਨੇ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ।
ਦਿੱਲੀ ਵਿੱਚ ਚਾਰ ਹੋਰ ਲੋਕ ਓਮੀਕਰੋਨ ਤੋਂ ਪੀੜਤ
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦਾ ਓਮੀਕਰੋਨ ਵੇਰੀਐਂਟ ਅਜੇ ਤੱਕ ਕਮਿਊਨਿਟੀ ਪੱਧਰ 'ਤੇ ਨਹੀਂ ਫੈਲਿਆ ਹੈ ਅਤੇ ਸਥਿਤੀ ਕਾਬੂ ਹੇਠ ਹੈ। ਜੈਨ ਨੇ ਪੱਤਰਕਾਰਾਂ ਨੂੰ ਕਿਹਾ, 'ਰਾਜਧਾਨੀ ਵਿੱਚ ਹੁਣ ਤੱਕ ਛੇ ਲੋਕ ਕੋਰੋਨਾ ਸੰਕਰਮਿਤ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਵਿੱਚੋਂ ਇੱਕ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਹ ਸਾਰੇ ਵਿਦੇਸ਼ ਗਏ ਸਨ ਅਤੇ ਉਨ੍ਹਾਂ ਨੂੰ (ਇੰਦਰਾ ਗਾਂਧੀ ਅੰਤਰਰਾਸ਼ਟਰੀ) ਹਵਾਈ ਅੱਡੇ ਤੋਂ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ (ਐਲਐਨਜੇਪੀ) ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਸੀ।
ਹੁਣ ਤੱਕ 74 ਯਾਤਰੀਆਂ ਨੂੰ ਹਵਾਈ ਅੱਡੇ ਤੋਂ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਓਮੀਕਰੋਨ ਦੇ ਸ਼ੱਕੀ ਮਰੀਜ਼ਾਂ ਨੂੰ ਅਲੱਗ-ਥਲੱਗ ਕਰਨ ਅਤੇ ਇਲਾਜ ਲਈ ਵਿਸ਼ੇਸ਼ ਵਾਰਡ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵਿੱਚੋਂ 36 ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ 38 ਹਸਪਤਾਲ ਵਿੱਚ ਭਰਤੀ ਹਨ। ਇਸ ਦੌਰਾਨ, ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਿੱਚ ਓਮੀਕਰੋਨ ਦੇ ਸੰਕਰਮਿਤ ਪਾਏ ਗਏ ਪਹਿਲੇ ਵਿਅਕਤੀ ਨੂੰ ਐਲਐਨਜੇਪੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਰਾਂਚੀ ਦਾ ਰਹਿਣ ਵਾਲਾ 37 ਸਾਲਾ ਵਿਅਕਤੀ ਤਨਜ਼ਾਨੀਆ ਤੋਂ ਦੋਹਾ ਗਿਆ ਸੀ ਅਤੇ ਫਿਰ 2 ਦਸੰਬਰ ਨੂੰ ਕਤਰ ਏਅਰਵੇਜ਼ ਦੀ ਫਲਾਈਟ ਰਾਹੀਂ ਦਿੱਲੀ ਆਇਆ ਸੀ। ਉਹ ਜੋਹਾਨਸਬਰਗ, ਦੱਖਣੀ ਅਫਰੀਕਾ ਵਿੱਚ ਇੱਕ ਹਫ਼ਤੇ ਲਈ ਰਿਹਾ ਅਤੇ ਲਾਗ ਦੇ ਹਲਕੇ ਲੱਛਣ ਦਿਖਾਈ ਦਿੱਤੇ। ਜੈਨ ਨੇ ਕਿਹਾ ਕਿ ਦਿੱਲੀ ਸਰਕਾਰ ਕੋਰੋਨਾ ਵਾਇਰਸ ਦੇ ਕਿਸੇ ਵੀ ਤਰ੍ਹਾਂ ਦੇ ਫੈਲਣ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਵੀ ਪੜ੍ਹੋ: Omicron: ਦਿੱਲੀ ਵਿੱਚ ਚਾਰ ਨਵੇਂ ਮਾਮਲੇ ਆਏ ਸਾਹਮਣੇ, ਪਹਿਲੇ ਮਰੀਜ਼ ਨੂੰ ਮਿਲੀ ਛੁੱਟੀ