ਚੰਡੀਗੜ੍ਹ: ਸਾਬਕਾ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਗਰੁੱਪ ਵੱਲੋਂ ਜਤਾਈ ਜਾ ਰਹੀ ਨਾਰਾਜ਼ਗੀ ਤੋਂ ਲੈ ਕੇ ਦਸ ਮਹੀਨਿਆਂ ਅੰਦਰ ਸੰਗਠਨ ਨੂੰ ਮਜ਼ਬੂਤ ਕਰਨ ਸਣੇ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਬਾਰੇ ਕੀ ਰਣਨੀਤੀ ਰਹੇਗੀ ਇਸ ਸਬੰਧੀ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਸੁਭਾਸ਼ ਚਾਵਲਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ।
ਸੰਗਠਨ ਨੂੰ ਮਜ਼ਬੂਤ ਕਰਨ ਸਣੇ ਨਾਰਾਜ਼ ਕਾਂਗਰਸੀਆਂ ਨੂੰ ਨਾਲ ਲੈ ਕੇ ਚੱਲਣ ਦੀ ਕੀ ਰਣਨੀਤੀ ਰਹੇਗੀ ?
ਸੁਭਾਸ਼ ਚਾਵਲਾ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਮੁਤਾਬਕ ਪਾਰਟੀ ਕਿਸੇ ਵੇਲੇ ਵੀ ਕਿਸੇ ਨੂੰ ਕੋਈ ਵੀ ਜ਼ਿੰਮੇਵਾਰੀ ਦੇ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਕਾਂਗਰਸ ਦੀ ਸਥਿਤੀ ਮਜ਼ਬੂਤ ਹੈ ਅਤੇ ਕਾਂਗਰਸ ਦੀ ਹਾਰ ਪੂਰੇ ਦੇਸ਼ ਭਰ ਵਿੱਚ ਹੋਈ ਸੀ। ਜੇ ਉਸ ਤਰੀਕੇ ਨਾਲ ਵੇਖਿਆ ਜਾਵੇ ਤਾਂ ਚੰਡੀਗੜ੍ਹ ਵਿੱਚ ਕਾਂਗਰਸ ਘੱਟ ਮਾਰਜਨ ਤੋਂ ਹਾਰੀ ਸੀ। ਉਨ੍ਹਾਂ ਨੇ ਕਿਹਾ ਕਿ ਅਤੇ ਮੌਜੂਦਾ ਭਾਜਪਾ ਦੀ ਸਰਕਾਰ ਵੱਲੋਂ ਧਰਮ ਦੇ ਨਾਂ 'ਤੇ ਬਣਾਈ ਸਰਕਾਰ ਬੇਨਕਾਬ ਹੋ ਚੁੱਕੀ ਹੈ ਤੇ ਲੋਕ ਸਭ ਜਾਣ ਚੁੱਕੇ ਹਨ। ਦੋ ਮਹੀਨੇ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੀਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਅਤੇ ਟਿਕਟਾਂ ਦੀ ਵੰਡ ਵੀ ਸਹੀ ਉਮੀਦਵਾਰ ਮੁਤਾਬਕ ਕੀਤੀਆਂ ਜਾਣਗੀਆਂ ਜਿਸ ਵਿੱਚ ਪੁਰਾਣੇ ਸਾਥੀਆਂ ਸਮੇਤ ਨਵਾਂ ਜੋਸ਼ ਵਾਲਾ ਕਾਡਰ ਲਿਆਂਦਾ ਜਾਵੇਗਾ।
ਪਾਰਟੀ ਵਿੱਚ ਕਿਹੜੇ ਵਿਅਕਤੀਆਂ ਨੂੰ ਸਥਾਨ ਦਿੱਤਾ ਜਾਵੇਗਾ ?
ਗੁੱਟਬਾਜ਼ੀ ਦੀਆਂ ਖ਼ਬਰਾਂ ਤੋਂ ਪਰੇਸ਼ਾਨ ਸੁਭਾਸ਼ ਚਾਵਲਾ ਨੇ ਕਿਹਾ ਕਿ ਜੋ ਵੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰੇਗਾ ਜਾਂ ਕਰਦਾ ਆ ਰਿਹਾ ਸਿਰਫ਼ ਉਸੇ ਨੂੰ ਹੀ ਟਿਕਟ ਦੇਣ ਤੋਂ ਲੈ ਕੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਨਿਯੁਕਤੀਆਂ ਦਿੱਤੀ ਜਾਵੇਗੀ। ਸੁਭਾਸ਼ ਚਾਵਲਾ ਨੇ ਇਹ ਵੀ ਦਾਅਵਾ ਕੀਤਾ ਕਿ ਅਸਤੀਫ਼ਾ ਦੇਣ ਦੀਆਂ ਖਬਰਾਂ ਝੂਠੀਆਂ ਛਪਵਾਈਆਂ ਗਈਆਂ ਜਦਕਿ ਅਸਤੀਫ਼ਾ ਦੇਣ ਵਾਲੇ ਉਨ੍ਹਾਂ ਦੀ ਸਟੇਜ ਤੇ ਸ਼ਾਮਿਲ ਸਨ।
ਕੀ 10 ਮਹੀਨੇ ਬਾਅਦ ਕਾਂਗਰਸ ਗੁੱਟਬਾਜ਼ੀ ਨੂੰ ਦੂਰ ਕਰ ਇਕੱਠੀ ਨਜ਼ਰ ਆਵੇਗੀ ?
ਸੁਭਾਸ਼ ਚਾਵਲਾ ਨੇ ਪੰਜਾਬ ਅਤੇ ਚੰਡੀਗੜ੍ਹ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਤਜਰਬਾ ਜ਼ਿਆਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਸਾਰਿਆਂ ਨੂੰ ਇਕੱਠਾ ਜ਼ਰੂਰ ਕਰਣਗੇ ਅਤੇ ਚੰਡੀਗੜ੍ਹ ਕਾਂਗਰਸ ਆਉਣ ਵਾਲੇ ਸਮੇਂ ਵਿੱਚ ਭਾਜਪਾ ਨੂੰ ਇਕੱਠੇ ਹਰਾਉਣਗੇ ਅਤੇ ਨਾ ਹੀ ਉਹ ਕਿਸੇ ਤੋਂ ਡਰਨਗੇ ਤੇ ਨਾ ਹੀ ਚੁੱਕਣਗੇ ਤੇ ਮਿਲ ਕੇ ਕਾਂਗਰਸ ਨੂੰ ਜਿਤਾਉਣਗੇ।
ਨਵੀਂ ਨਿਯੁਕਤੀਆਂ ਕਦੋਂ ਤੱਕ ਕਰ ਦਿੱਤੀਆਂ ਜਾਣਗੀਆਂ ?
ਸੁਭਾਸ਼ ਚਾਵਲਾ ਨੇ ਕਿਹਾ ਕਿ ਦੋ-ਤਿੰਨ ਹਫ਼ਤਿਆਂ ਵਿੱਚ ਪ੍ਰਦੇਸ਼ ਲੈਵਲ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਜਾਣਗੀਆਂ, ਜਦਕਿ ਗਰਾਊਂਡ ਤੇ ਕੰਮ ਕਰਨ ਵਾਲੇ ਪਾਰਟੀ ਦੇ ਵਰਕਰ ਜਿਸ ਨੂੰ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ ਅਤੇ ਬਲਾਕ ਪ੍ਰਧਾਨ ਦੀ ਚੋਣ ਸੋਚ ਸਮਝ ਨਾਲ ਸਾਫ਼-ਸੁਥਰੇ ਅਕਸ ਵਾਲਿਆਂ ਦੀ ਕੀਤੀ ਜਾਵੇਗੀ ਅਤੇ ਕੁਝ ਇਕ ਲੋਕਾਂ ਨੂੰ ਉਹ ਪਰਖਣਾ ਚਾਹੁੰਦੇ ਨੇ ਤੇ ਪਰਖਣ ਤੋਂ ਬਾਅਦ ਮੰਥਨ ਵਿਚ ਜੋ ਪਾਰਟੀ ਲਈ ਕੰਮ ਕਰਨ ਵਾਲੀ ਕਰੀਮ ਨਿਕਲੇਗੀ ਉਨ੍ਹਾਂ ਨੂੰ ਹੀ ਅੱਗੇ ਲਿਆਂਦਾ ਜਾਵੇਗਾ।