ਲੰਡਨ: ਕਰਜ਼ੇ ਦੇ ਭਾਰੀ ਬੋਝ ਹੇਠ ਦੱਬੇ ਕਾਰੋਬਾਰੀ ਵਿਜੇ ਮਾਲਿਆ (Businessman Vijay Mallya) ਦੇ ਲੰਡਨ ਸਥਿਤ ਆਲੀਸ਼ਾਨ ਘਰ ਨੂੰ ਬੈਂਕ ਹੁਣ ਕਿਸੇ ਵੀ ਸਮੇਂ ਬੇਦਖਲ ਕਰਕੇ ਆਪਣੇ ਕਬਜ਼ੇ 'ਚ ਲੈ ਸਕਦਾ ਹੈ। ਭਾਰਤ 'ਚ ਕਰੋੜਾਂ ਰੁਪਏ ਦੀ ਬੈਂਕ ਕਰਜ਼ਾ ਧੋਖਾਧੜੀ ਦੇ ਮਾਮਲੇ 'ਚ ਭਗੌੜਾ ਐਲਾਨੇ ਗਏ ਮਾਲਿਆ ਕਰੀਬ 5 ਸਾਲਾਂ ਤੋਂ ਬ੍ਰਿਟੇਨ 'ਚ ਰਹਿ ਰਹੇ ਹਨ। ਬ੍ਰਿਟੇਨ ਦੀ ਅਦਾਲਤ ਨੇ ਮੰਗਲਵਾਰ ਨੂੰ ਮਾਲਿਆ (65) ਨੂੰ ਇਸ ਆਲੀਸ਼ਾਨ ਘਰ ਤੋਂ ਕੱਢਣ ਦੇ ਆਦੇਸ਼ 'ਤੇ ਰੋਕ ਲਗਾਉਣ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ।
ਸਵਿਸ ਬੈਂਕ ਯੂਬੀਐਸ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਕਾਨੂੰਨੀ ਵਿਵਾਦ ਵਿੱਚ ਮਾਲਿਆ ਦੇ ਘਰ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਮਾਲਿਆ ਨੇ ਹੁਕਮਾਂ ਦੀ ਪਾਲਣਾ 'ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਸੀ, ਪਰ ਲੰਡਨ ਹਾਈ ਕੋਰਟ ਦੇ ਚੈਂਸਰੀ ਡਿਵੀਜ਼ਨ ਦੇ ਜੱਜ ਮੈਥਿਊ ਮਾਰਸ਼ ਨੇ ਆਪਣੇ ਫੈਸਲੇ 'ਚ ਕਿਹਾ ਕਿ ਮਾਲਿਆ ਪਰਿਵਾਰ ਨੂੰ ਬਕਾਇਆ ਭੁਗਤਾਨ ਕਰਨ ਲਈ ਵਾਧੂ ਸਮਾਂ ਦੇਣ ਦਾ ਕੋਈ ਆਧਾਰ ਨਹੀਂ ਹੈ।
ਇਸ ਦਾ ਮਤਲਬ ਹੈ ਕਿ ਮਾਲਿਆ ਨੂੰ ਇਸ ਜਾਇਦਾਦ ਤੋਂ ਬੇਦਖਲ ਕੀਤਾ ਜਾ ਸਕਦਾ ਹੈ। ਮਾਲਿਆ ਦੀ ਰਿਹਾਇਸ਼ '18/19 ਕਾਰਨਵਾਲ ਟੇਰੇਸ' ਮੱਧ ਲੰਡਨ ਦੇ ਅਪਮਾਰਕੇਟ ਰੀਜੈਂਟ ਪਾਰਕ ਵਿੱਚ ਹੈ, ਜੋ ਮੋਮ ਦੀਆਂ ਮੂਰਤੀਆਂ ਲਈ ਮਸ਼ਹੂਰ ਮੈਡਮ ਤੁਸਾਦ ਮਿਊਜ਼ੀਅਮ ਦੇ ਨੇੜੇ ਹੈ।
ਇਸ ਜਾਇਦਾਦ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਇਸ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਇਸ ਬੇਸ਼ਕੀਮਤੀ ਜਾਇਦਾਦ ਦੀ ਕੀਮਤ ਨੂੰ 'ਕਈ ਲੱਖ ਪੌਂਡ' ਕਰਾਰ ਦਿੱਤਾ। ਮਾਲਿਆ ਨੂੰ ਸਵਿਸ ਬੈਂਕ ਦਾ ਕਰੀਬ 24 ਲੱਖ ਪੌਂਡ ਦਾ ਕਰਜ਼ਾ ਵਾਪਸ ਕਰਨਾ ਹੈ। ਲੰਡਨ 'ਚ ਮਾਲਿਆ ਦੇ ਇਸ ਘਰ 'ਚ ਉਨ੍ਹਾਂ ਦੀ 95 ਸਾਲਾ ਮਾਂ ਰਹਿੰਦੀ ਹੈ।
ਇਹ ਵੀ ਪੜ੍ਹੋ: Covaxin ਤੇ Covishield ਦੀ ਖੁੱਲ੍ਹੀ ਮਾਰਕੀਟ ਵਿਕਰੀ ਲਈ ਸਿਫਾਰਸ਼: ਸੂਤਰ