ਮੁੰਬਈ: ਮਹਾਰਾਸ਼ਟਰ ਸਰਕਾਰ ਨੇ ਬੁੱਧਵਾਰ ਨੂੰ ਵਰਸੋਵਾ-ਬਾਂਦਰਾ ਸੀ ਲਿੰਕ ਦਾ ਨਾਂ ਹਿੰਦੂਤਵ ਵਿਚਾਰਧਾਰਕ ਵੀਡੀ ਸਾਵਰਕਰ ਦੇ ਨਾਂ 'ਤੇ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਮੁੰਬਈ ਟਰਾਂਸ ਹਾਰਬਰ ਲਿੰਕ (MTHL) ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ 'ਤੇ ਰੱਖਣ ਦੀ ਮਨਜ਼ੂਰੀ ਦਿੱਤੀ ਗਈ। ਇਹ ਫੈਸਲੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਪ੍ਰਧਾਨਗੀ ਹੇਠ ਹੋਈ ਰਾਜ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਏ ਗਏ।
ਸ਼ਿੰਦੇ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਵਰਸੋਵਾ-ਬਾਂਦਰਾ ਸੀ ਲਿੰਕ ਦਾ ਨਾਂ ਵੀਰ ਸਾਵਰਕਰ ਦੇ ਨਾਂ 'ਤੇ ਰੱਖਿਆ ਜਾਵੇਗਾ: ਮੰਤਰੀ ਮੰਡਲ ਨੇ ਵਰਸੋਵਾ-ਬਾਂਦਰਾ ਸੀ ਲਿੰਕ ਦਾ ਨਾਂ ਵੀਰ ਸਾਵਰਕਰ ਦੇ ਨਾਂ 'ਤੇ ਰੱਖਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਅਤੇ MTHL ਦਾ ਨਾਂ ਅਟਲ ਬਿਹਾਰੀ ਵਾਜਪਾਈ ਸਮ੍ਰਿਤੀ ਸ਼ਿਵਦੀ ਨ੍ਹਾਵਾ ਸ਼ੇਵਾ ਅਟਲ ਸੇਤੂ ਰੱਖਣ ਦਾ ਫੈਸਲਾ ਕੀਤਾ। ਸ਼ਿੰਦੇ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਵਰਸੋਵਾ-ਬਾਂਦਰਾ ਸੀ ਲਿੰਕ ਦਾ ਨਾਂ ਵੀਰ ਸਾਵਰਕਰ ਦੇ ਨਾਂ 'ਤੇ ਰੱਖਿਆ ਜਾਵੇਗਾ। 17 ਕਿਲੋਮੀਟਰ ਲੰਬਾ ਸਮੁੰਦਰੀ ਲਿੰਕ ਤੱਟਵਰਤੀ ਸੜਕ ਦੇ ਹਿੱਸੇ ਵਜੋਂ ਅੰਧੇਰੀ ਨੂੰ ਬਾਂਦਰਾ-ਵਰਲੀ ਸੀ ਲਿੰਕ ਨਾਲ ਜੋੜੇਗਾ। MTHL ਮੁੰਬਈ ਨੂੰ ਨਵੀਂ ਮੁੰਬਈ ਨਾਲ ਜੋੜੇਗਾ ਅਤੇ ਇਸ ਸਾਲ ਦਸੰਬਰ ਤੱਕ ਪੂਰਾ ਹੋਣ ਦੀ ਉਮੀਦ ਹੈ।
ਜਨਮ ਦਿਨ 'ਤੇ ਸ਼ਿੰਦੇ ਸਰਕਾਰ ਨੇ ਇਸ ਸਬੰਧੀ ਕੀਤਾ ਸੀ ਐਲਾਨ: ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਵੀਰ ਸਾਵਰਕਰ ਦੇ ਜਨਮ ਦਿਨ 'ਤੇ ਸ਼ਿੰਦੇ ਸਰਕਾਰ ਨੇ ਇਸ ਸਬੰਧੀ ਐਲਾਨ ਕੀਤਾ ਸੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਵੀਰ ਸਾਵਰਕਰ ਦੇ ਨਾਂ 'ਤੇ ਰਾਜ ਪੱਧਰੀ ਬਹਾਦਰੀ ਪੁਰਸਕਾਰ ਦਿੱਤੇ ਜਾਣਗੇ। ਦੱਸ ਦੇਈਏ ਕਿ ਸ਼ਿੰਦੇ ਸਰਕਾਰ ਨੇ ਕੈਬਨਿਟ ਮੀਟਿੰਗ ਵਿੱਚ ਕਈ ਹੋਰ ਵੱਡੀਆਂ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਰਾਜ ਵਿੱਚ ਬਾਲਾ ਸਾਹਿਬ ਠਾਕਰੇ ਕਲੀਨਿਕ ਸ਼ੁਰੂ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਯੋਜਨਾ ਲਈ 210 ਕਰੋੜ ਰੁਪਏ ਖਰਚਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਮਹਾਤਮਾ ਜੋਤੀਰਾਓ ਫੂਲੇ ਜਨ ਅਰੋਗਿਆ ਯੋਜਨਾ ਅਤੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਅਰੋਗਿਆ ਯੋਜਨਾ ਨੂੰ ਸਾਂਝੇ ਤੌਰ 'ਤੇ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ।
(ਪੀਟੀਆਈ)