ਅਮਰਾਵਤੀ :ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈਡੀ ਨੇ ਭਾਰਤੀ ਕੌਮੀ ਝੰਡੇ ਦੇ ਡਿਜ਼ਾਈਨਰ ਪਿੰਗਲੀ ਵੈਂਕਈਆ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਤ ਕਰਨ ਦੀ ਅਪੀਲ ਕੀਤੀ ਹੈ। ਮੁਖ ਮੰਤਰੀ ਜਗਨ ਨੇ ਇਸ ਦੇ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।
ਪੀਐਮ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿੱਚ ਮੁੱਖ ਮੰਤਰੀ ਜਗਨ ਨੇ ਕਿਹਾ ਕਿ ਭਾਰਤ ਦੇ 75 ਵੇਂ ਸੁਤੰਤਰਤਾ ਦਿਵਸ ਮੌਕੇ ਪਿੰਗਲੀ ਵੈਂਕਈਆ ਨੂੰ ਭਾਰਤ ਰਤਨ ਨਾਲ ਸਨਮਾਨਤ ਕਰਨਾ ਹਰ ਭਾਰਤੀ ਲਈ ਮਾਣ ਦੀ ਗੱਲ ਹੋਵੇਗੀ।
ਰੈਡੀ ਨੇ ਕਿਹਾ ਕਿ ਗਾਂਧੀਵਾਦੀ ਵਿਚਾਰ ਤੇ ਵਿਚਾਰਧਾਰਾ ਤੋਂ ਬੇਹਦ ਪ੍ਰਭਾਵਤ ਭਾਰਤ ਵੈਂਕਈਆ ਨੇ ਆਪਣਾ ਜੀਵਨ ਦੇਸ਼ ਸੇਵਾ ਵਿੱਚ ਲਾਉਣ ਤੇ ਸੁਤੰਤਰਤਾ ਅੰਦੋਲਨ ਵਿੱਚ ਭਾਗ ਲੈਣ ਦਾ ਫੈਸਲਾ ਕੀਤਾ ਸੀ ਤੇ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਨੂੰ ਸਮਰਪਿਤ ਕਰ ਦਿੱਤਾ।
ਪਿੰਗਲੀ ਵੈਂਕਈਆ ਦਾ ਜਨਮ 2 ਅਗਸਤ 1876 ਨੂੰ ਮੌਜੂਦਾ ਆਂਧਰਾ ਪ੍ਰਦੇਸ਼ ਦੇ ਮਛਲੀਪੱਟਨਮ ਦੇ ਕੋਲ ਭਲਾਪੇਨੁਮਾਰੂ ਨਾਂਅ ਦੇ ਸਥਾਨ ਉੱਤੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਪਾਂਡੂਰੰਗ ਸੀ ਅਤੇ ਮਾਤਾ ਦਾ ਨਾਮ ਕਲਪਾਵਤੀ ਸੀ ਅਤੇ ਉਹ ਇੱਕ ਬ੍ਰਾਹਮਣ ਪਰਿਵਾਰ ਨਿਯੋਗੀ ਨਾਲ ਸਬੰਧਤ ਸਨ।
ਮਦਰਾਸ ਤੋਂ ਹਾਈ ਸਕੂਲ ਪਾਸ ਕਰਨ ਤੋਂ ਬਾਅਦ, ਉਹ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਲਈ ਕੈਂਬਰਿਜ ਯੂਨੀਵਰਸਿਟੀ ਚਲਾ ਗਿਆ। ਉਥੋਂ ਵਾਪਸ ਆ ਕੇ, ਉਨ੍ਹਾਂ ਨੇ ਰੇਲਵੇ ਗਾਰਡ ਤੇ ਲਖਨਊ 'ਚ ਸਰਕਾਰੀ ਕਰਮਚਾਰੀ ਵਜੋਂ ਕੰਮ ਕੀਤਾ। ਇਸ ਤੋਂ ਬਾਅਦ, ਉਹ ਐਂਗਲੋ ਵੈਦਿਕ ਕਾਲਜ 'ਚ ਉਰਦੂ ਅਤੇ ਜਪਾਨੀ ਭਾਸ਼ਾ ਦੀ ਪੜ੍ਹਾਈ ਲਈ ਲਾਹੌਰ ਚਲੇ ਗਏ।
ਕਾਕੀਨਾੜਾ ਵਿੱਚ ਹੋਏ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੌਮੀ ਸੈਸ਼ਨ ਦੌਰਾਨ ਵੈਂਕਈਆ ਨੇ ਭਾਰਤ ਲਈ ਖ਼ੁਦ ਦੇ ਕੌਮੀ ਝੰਡੇ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਗਾਂਧੀ ਜੀ ਨੇ ਇਸ ਵਿਚਾਰ ਨੂੰ ਬੇਹਦ ਪਸੰਦ ਕੀਤਾ। ਗਾਂਧੀ ਜੀ ਨੇ ਉਨ੍ਹਾਂ ਨੂੰ ਕੌਮੀ ਝੰਡਾ ਤਿਆਰ ਕਰਨ ਦਾ ਸੁਝਾਅ ਦਿੱਤਾ।
ਪਿੰਗਾਲੀ ਵੈਂਕਈਆ ਨੇ ਪੰਜ ਸਾਲਾਂ ਲਈ ਤੀਹ ਵੱਖ-ਵੱਖ ਦੇਸ਼ਾਂ ਦੇ ਕੌਮੀ ਝੰਡੀਆਂ ਦੀ ਖੋਜ ਕੀਤੀ ਅਤੇ ਅੰਤ 'ਚ ਤਿਰੰਗੇ ਬਾਰੇ ਸੋਚਿਆ। ਸਾਲ 1921 'ਚ, ਵਿਜੇਵਾੜਾ ਵਿੱਚ ਹੋਏ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨ ਦੌਰਾਨ ਪਿੰਗਲੀ ਵੈਂਕਈਆ ਨੇ ਮਹਾਤਮਾ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਵੱਲੋਂ ਤਿਆਰ ਕੀਤਾ ਲਾਲ ਤੇ ਹਰੇ ਰੰਗ ਨਾਲ ਬਣਿਆ ਝੰਡਾ ਦਿਖਾਇਆ। ਇਸ ਤੋਂ ਬਾਅਦ ਹੀ ਦੇਸ਼ 'ਚ ਕਾਂਗਰਸ ਪਾਰਟੀ ਦੇ ਸਾਰੇ ਸੰਮੇਲਨਾਂ ਦੌਰਾਨ ਦੋ ਰੰਗਾਂ ਦੇ ਝੰਡੇ ਵਰਤੇ ਗਏ ਸਨ, ਪਰ ਉਸ ਸਮੇਂ ਇਸ ਝੰਡੇ ਨੂੰ ਅਧਿਕਾਰਤ ਤੌਰ 'ਤੇ ਕਾਂਗਰਸ ਨੇ ਮਨਜ਼ੂਰੀ ਨਹੀਂ ਦਿੱਤੀ ਸੀ।
ਇਸ ਦੌਰਾਨ, ਜਲੰਧਰ ਦੇ ਹੰਸਰਾਜ ਨੇ ਝੰਡੇ ਵਿਚ ਇਕ ਚੱਕਰ ਚਿੰਨ੍ਹ ਬਣਾਉਣ ਦਾ ਸੁਝਾਅ ਦਿੱਤਾ। ਇਸ ਚੱਕਰ ਨੂੰ ਤਰੱਕੀ ਅਤੇ ਆਮ ਆਦਮੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਬਾਅਦ 'ਚ ਗਾਂਧੀ ਜੀ ਦੇ ਸੁਝਾਅ 'ਤੇ, ਪਿੰਗਾਲੀ ਵੈਂਕਈਆ ਨੇ ਵੀ ਸ਼ਾਂਤੀ ਦੇ ਚਿੱਟੇ ਰੰਗ ਦੇ ਚਿੰਨ੍ਹ ਨੂੰ ਰਾਸ਼ਟਰੀ ਝੰਡੇ 'ਚ ਸ਼ਾਮਲ ਕੀਤਾ । ਸਾਲ 1931 ਵਿੱਚ ਕਰਾਚੀ ਦੀ ਆਲ ਇੰਡੀਆ ਕਾਨਫਰੰਸ ਦੌਰਾਨ, ਕਾਂਗਰਸ ਨੇ ਸਰਬਸੰਮਤੀ ਨਾਲ ਭਗਵੇਂ, ਚਿੱਟੇ ਅਤੇ ਹਰੇ ਤਿੰਨ ਰੰਗਾਂ ਨਾਲ ਬਣੇ ਇਸ ਝੰਡੇ ਨੂੰ ਸਵੀਕਾਰ ਕਰ ਲਿਆ। ਬਾਅਦ ਵਿੱਚ, ਰਾਸ਼ਟਰੀ ਝੰਡੇ ਵਿਚਾਲੇ , ਚੱਰਖੇ ਦੀ ਥਾਂ ਅਸ਼ੋਕ ਚੱਕਰ ਨੇ ਥਾਂ ਲੈ ਲਈ।
ਪਿੰਗਾਲੀ ਵੈਂਕਈਆ ਬਹੁਤ ਸਾਰੇ ਵਿਸ਼ਿਆਂ ਵਿੱਚ ਮਾਹਰ ਸੀ, ਉਸ ਦਾ ਭੂ-ਵਿਗਿਆਨ ਅਤੇ ਖੇਤੀਬਾੜੀ ਦੇ ਖੇਤਰ ਵੱਲ ਵਿਸ਼ੇਸ਼ ਦਿਲਚਸਪੀ ਸੀ। ਉਹ ਹੀਰੇ ਦੀਆਂ ਖਾਣਾਂ ਦੇ ਮਾਹਰ ਸਨ। ਪਿੰਗਾਲੀ ਨੇ ਬ੍ਰਿਟਿਸ਼ ਇੰਡੀਅਨ ਆਰਮੀ 'ਚ ਵੀ ਸੇਵਾਵਾਂ ਨਿਭਾਈਆਂ ਅਤੇ ਦੱਖਣੀ ਅਫਰੀਕਾ ਦੀ ਐਂਗਲੋ-ਬੋਅਰ ਯੁੱਧ ਵਿੱਚ ਹਿੱਸਾ ਲਿਆ। ਇੱਥੇ ਹੀ ਉਹ ਗਾਂਧੀ ਜੀ ਦੇ ਸੰਪਰਕ ਵਿੱਚ ਆਏ ਅਤੇ ਉਨ੍ਹਾਂ ਦੀ ਵਿਚਾਰਧਾਰਾ ਤੋਂ ਬੇਹਦ ਪ੍ਰਭਾਵਿਤ ਹੋਏ।
1906 ਤੋਂ 1911 ਤੱਕ ਪਿੰਗਲੀ ਮੁੱਖ ਤੌਰ ਤੇ ਨਰਮੇ ਦੀ ਫਸਲ ਦੀਆਂ ਵੱਖ -ਵੱਖ ਕਿਸਮਾਂ ਦੇ ਤੁਲਨਾਤਮਕ ਅਧਿਐਨ ਵਿੱਚ ਰੁੱਝੇ ਹੋਈ ਸੀ ਅਤੇ ਉਨ੍ਹਾਂ ਨੇ ਆਪਣਾ ਅਧਿਐਨ ਬੋਮੋਵਾਲਰਟ ਕੰਬੋਡੀਆ ਕਪਾਹ ਉੱਤੇ ਪ੍ਰਕਾਸ਼ਤ ਕੀਤਾ।ਇਸ ਤੋਂ ਬਾਅਦ ਉਹ ਕਿਸ਼ੁੰਦਾਸਪੁਰ ਵਾਪਸ ਪਰਤ ਆਏ ਅਤੇ 1916 ਤੋਂ 1921 ਤੱਕ ਵੱਖ- ਵੱਖ ਝੰਡਿਆਂ ਦੇ ਅਧਿਐਨ ਵਿੱਚ ਖ਼ੁਦ ਨੂੰ ਸਮਰਪਿਤ ਕਰ ਦਿੱਤਾ। ਅੰਤ ਵਿੱਚ ਉਨ੍ਹਾਂ ਨੇ ਮੌਜੂਦਾ ਭਾਰਤੀ ਝੰਡੇ ਨੂੰ ਵਿਕਸਤ ਕੀਤਾ। 4 ਜੁਲਾਈ 1963 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।