ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਔਰਤਾਂ ਲਈ ਰਾਖਵੀਂਆਂ ਹੇਠਲੀਆਂ ਬਰਥਾਂ ਦੇ ਨਾਲ 'ਬੇਬੀ ਬਰਥ' (Baby Berth) ਦਾ ਪ੍ਰਬੰਧ ਕੀਤਾ ਹੈ, ਤਾਂ ਜੋ ਛੋਟੇ ਬੱਚੇ ਬਿਨਾਂ ਕਿਸੇ ਸਮੱਸਿਆ ਦੇ ਆਪਣੀ ਮਾਂ ਨਾਲ ਸੌਂ ਸਕਣ। ਦਰਅਸਲ ਟਰੇਨ 'ਚ ਸਫ਼ਰ ਦੌਰਾਨ ਔਰਤਾਂ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਦੇਖਦੇ ਹੋਏ ਸੀਟ ਦੇ ਨਾਲ-ਨਾਲ ਬੇਬੀ ਬਰਥ ਵੀ ਬਣਾਈ ਗਈ ਹੈ। ਔਰਤ ਲਈ ਰਿਜ਼ਰਵ ਹੇਠਲੀ ਬਰਥ ਦੇ ਨਾਲ ਬੱਚੇ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ।
ਹਾਲਾਂਕਿ, ਫਿਲਹਾਲ ਇਸ ਨੂੰ ਟਰਾਇਲ ਦੇ ਆਧਾਰ 'ਤੇ ਕੁਝ ਟਰੇਨਾਂ 'ਚ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਕ ਲਖਨਊ ਮੇਲ 'ਚ ਦੋ ਬਰਥਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਰੇਲਵੇ ਇਸ ਲਈ ਕੋਈ ਵਾਧੂ ਕਿਰਾਇਆ ਨਹੀਂ ਲਵੇਗਾ।
ਰੇਲਵੇ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ, ਇਸ ਸਹੂਲਤ ਤੋਂ ਬਾਅਦ ਦੁੱਧ ਪੀਂਦੇ ਬੱਚੇ ਨਾਲ ਯਾਤਰਾ ਕਰਨ ਵਾਲੀਆਂ ਔਰਤਾਂ ਨੂੰ ਵੱਡੀ ਰਾਹਤ ਮਿਲੇਗੀ। ਰੇਲਵੇ ਨੇ ਟਵੀਟ ਕਰਕੇ ਬੇਬੀ ਬਰਥ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਲਖਨਊ ਮੇਲ ਦੇ ਏਸੀ 3 ਵਿੱਚ ਦੋ ਬਰਥਾਂ ਨਾਲ ਬੇਬੀ ਬਰਥ ਬਣਾਈ ਗਈ ਹੈ। ਇਹ ਪ੍ਰਬੰਧ ਮਾਂ ਦਿਵਸ 'ਤੇ ਕੀਤਾ ਗਿਆ ਹੈ। ਜਲਦ ਹੀ ਬੇਬੀ ਬਰਥ ਨੂੰ ਹੋਰ ਟਰੇਨਾਂ 'ਚ ਵੀ ਵਧਾਇਆ ਜਾ ਸਕਦਾ ਹੈ।
ਰੇਲਵੇ ਦੁਆਰਾ ਇਕੱਲੀਆਂ ਯਾਤਰਾ ਕਰਨ ਵਾਲੀਆਂ ਔਰਤਾਂ, ਗਰਭਵਤੀ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਯਾਤਰਾ ਕਰਨ ਵਾਲੀਆਂ ਔਰਤਾਂ ਨੂੰ ਹੇਠਲੀ ਬਰਥ ਪ੍ਰਦਾਨ ਕਰਨ ਦੇ ਯਤਨ ਕੀਤੇ ਜਾਂਦੇ ਹਨ। ਰੇਲਗੱਡੀ ਦੀ ਰਾਖਵੀਂ ਬਰਥ ਦੀ ਚੌੜਾਈ ਘੱਟ ਹੈ, ਜਿਸ ਕਾਰਨ ਔਰਤ ਲਈ ਛੋਟੇ ਬੱਚਿਆਂ ਨਾਲ ਸਫ਼ਰ ਕਰਨਾ ਮੁਸ਼ਕਲ ਹੋ ਜਾਂਦਾ ਹੈ। ਮਹਿਲਾ ਯਾਤਰੀ ਰਾਤ ਨੂੰ ਸੌਣ ਤੋਂ ਅਸਮਰੱਥ ਹਨ, ਇਸ ਲਈ ਔਰਤ ਲਈ ਰਾਖਵੀਂ ਬਰਥ ਦੇ ਨਾਲ ਬੱਚੇ ਦੀ ਬਰਥ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਿਹਤਮੰਦ ਸਿਹਤ ਤੇ ਦਿਮਾਗ ਲਈ ਜਾਣੋ ਇਹ 5 ਟਿਪਸ
ਇਸ ਦੇ ਨਾਲ ਹੀ, ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਬੱਚਾ ਬਰਥ ਤੋਂ ਨਾ ਡਿੱਗੇ। ਖਾਸ ਗੱਲ ਇਹ ਹੈ ਕਿ ਰੇਲਵੇ ਬੱਚੇ ਦੀ ਬਰਥ ਲਈ ਕੋਈ ਵਾਧੂ ਕਿਰਾਇਆ ਨਹੀਂ ਲਵੇਗਾ। ਇਸ ਦੇ ਲਈ ਰਿਜ਼ਰਵੇਸ਼ਨ ਟਿਕਟ ਲੈਣ ਸਮੇਂ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਨਾਮ ਭਰਨਾ ਹੋਵੇਗਾ ਅਤੇ ਬੇਬੀ ਬਰਥ ਉਪਲਬਧ ਹੋਵੇਗੀ।
(IANS)