ਨਵੀਂ ਦਿੱਲੀ: ਹੁਣ ਭਾਰਤੀ ਹਵਾਈ ਸੈਨਾ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਅਗਵਾਈ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ 'ਆਪ੍ਰੇਸ਼ਨ ਗੰਗਾ' ਤਹਿਤ ਹਵਾਈ ਸੈਨਾ ਨੇ ਆਪਣੀ ਪਹਿਲੀ ਉਡਾਣ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਦੇਸ਼ ਵਾਸੀਆਂ ਨੂੰ ਭਾਰਤੀ ਹਵਾਈ ਸੈਨਾ 'ਤੇ ਭਰੋਸਾ ਹੈ ਕਿ ਇਹ ਜਲਦੀ ਹੀ ਸਥਿਤੀ 'ਤੇ ਕਾਬੂ ਪਾ ਕੇ ਹਜ਼ਾਰਾਂ ਪਰਿਵਾਰਾਂ ਨੂੰ ਰਾਹਤ ਪਹੁੰਚਾਏਗੀ।
ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਸਰਕਾਰ ਦੇ ਯਤਨਾਂ ਨੂੰ ਤੇਜ਼ ਕਰਦੇ ਹੋਏ, ਇੱਕ ਭਾਰਤੀ ਹਵਾਈ ਸੈਨਾ (IAF) C-17 ਟ੍ਰਾਂਸਪੋਰਟ ਏਅਰਕ੍ਰਾਫਟ (IAF, C-17 aircraft leaves for Romania) ਬੁੱਧਵਾਰ ਤੜਕੇ ਰੋਮਾਨੀਆ ਲਈ ਰਵਾਨਾ ਹੋਇਆ। ਜਹਾਜ਼ ਨੇ ਸਵੇਰੇ 4 ਵਜੇ ਹਿੰਡਨ ਏਅਰਬੇਸ ਤੋਂ ਉਡਾਣ ਭਰੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਦੀ ਸਮੀਖਿਆ ਕਰਨ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਭਾਰਤੀ ਹਵਾਈ ਸੈਨਾ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ: "ਯੂਕਰੇਨ ਤੋਂ 12 ਹਜ਼ਾਰ ਵਿਦਿਆਰਥੀ ਨਿਕਲੇ, ਕੀਵ 'ਚ ਕੋਈ ਭਾਰਤੀ ਨਹੀਂ"
ਸੂਤਰਾਂ ਨੇ ਕਿਹਾ ਕਿ ਹਵਾਈ ਸੈਨਾ ਦੀਆਂ ਸਮਰੱਥਾਵਾਂ ਦਾ ਲਾਭ ਉਠਾਉਣਾ ਯਕੀਨੀ ਬਣਾਏਗਾ ਕਿ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਮਨੁੱਖੀ ਸਹਾਇਤਾ ਨੂੰ ਵਧੇਰੇ ਕੁਸ਼ਲਤਾ ਨਾਲ ਵੰਡਣ ਵਿੱਚ ਵੀ ਮਦਦ ਮਿਲੇਗੀ। ਰੂਸੀ ਬਲਾਂ ਨੇ 24 ਫਰਵਰੀ ਨੂੰ ਯੂਕਰੇਨ ਵਿੱਚ ਫੌਜੀ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ, ਭਾਰਤ ਸਰਕਾਰ ਨੇ ਵਿਵਾਦਗ੍ਰਸਤ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 'ਆਪ੍ਰੇਸ਼ਨ ਗੰਗਾ' ਸ਼ੁਰੂ ਕੀਤਾ।'ਆਪ੍ਰੇਸ਼ਨ ਗੰਗਾ' ਮਿਸ਼ਨ ਤਹਿਤ ਵਿਸ਼ੇਸ਼ ਉਡਾਣਾਂ ਮੁਫ਼ਤ ਚਲਾਈਆਂ ਜਾ ਰਹੀਆਂ ਹਨ। ਯੂਕਰੇਨ ਵਿੱਚ ਫਸੇ 219 ਭਾਰਤੀ ਨਾਗਰਿਕਾਂ ਨੂੰ ਲੈ ਕੇ ਪਹਿਲੀ ਅਜਿਹੀ ਨਿਕਾਸੀ ਉਡਾਣ 26 ਫਰਵਰੀ ਨੂੰ ਮੁੰਬਈ ਪਹੁੰਚੀ। ਦੇਸ਼ ਵਿੱਚ ਹੁਣ ਤੱਕ ਅਜਿਹੀਆਂ ਕਈ ਉਡਾਣਾਂ ਉਤਰ ਚੁੱਕੀਆਂ ਹਨ।
ਯੂਕਰੇਨ ਨਾਲ ਲੱਗਦੇ ਪੋਲੈਂਡ, ਰੋਮਾਨੀਆ, ਹੰਗਰੀ ਅਤੇ ਸਲੋਵਾਕੀਆ ਦੀਆਂ ਸਰਹੱਦਾਂ ਤੋਂ ਪਾਰ ਭਾਰਤੀ ਨਾਗਰਿਕਾਂ ਨੂੰ ਕੱਢਣ ਵਿੱਚ ਸਹਾਇਤਾ ਲਈ 24x7 ਕੰਟਰੋਲ ਕੇਂਦਰ ਸਥਾਪਤ ਕੀਤੇ ਗਏ ਹਨ। ਮੋਲਡੋਵਾ ਰਾਹੀਂ ਇੱਕ ਨਵਾਂ ਰਸਤਾ ਖੋਲ੍ਹਿਆ ਗਿਆ ਹੈ ਅਤੇ ਵਿਦੇਸ਼ ਮੰਤਰਾਲੇ ਦੀ ਟੀਮ ਵੀ ਉੱਥੇ ਮੌਜੂਦ ਹੈ ਅਤੇ ਲੋਕਾਂ ਦੀ ਮਦਦ ਕਰ ਰਹੀ ਹੈ। ਟੀਮ ਰੋਮਾਨੀਆ ਦੇ ਰਸਤੇ ਭਾਰਤੀਆਂ ਨੂੰ ਕੱਢਣ ਵਿੱਚ ਮਦਦ ਕਰੇਗੀ।