ਕਰਾਚੀ (ਪਾਕਿਸਤਾਨ) : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਇਕ ਹਿੰਦੂ ਮੰਦਰ ਵਿਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਵਿੱਚ ਭੰਨਤੋੜ ਦਾ ਇਹ ਤਾਜ਼ਾ ਮਾਮਲਾ ਹੈ। ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਕਰਾਚੀ ਕੋਰੰਗੀ ਇਲਾਕੇ 'ਚ ਸ਼੍ਰੀ ਮਾਰੀ ਮਾਤਾ ਮੰਦਰ 'ਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਇਹ ਮੰਦਰ ਕੋਰੰਗੀ ਥਾਣਾ ਖੇਤਰ ਦੇ 'ਜੇ' ਇਲਾਕੇ 'ਚ ਸਥਿਤ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮੰਦਰ ਦਾ ਜਾਇਜ਼ਾ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ।
‘ਦਿ ਐਕਸਪ੍ਰੈਸ ਟ੍ਰਿਬਿਊਨ’ ਅਖ਼ਬਾਰ ਦੀ ਖ਼ਬਰ ਮੁਤਾਬਿਕ ਕਰਾਚੀ ਦੇ ਹਿੰਦੂ ਭਾਈਚਾਰੇ ਦੇ ਲੋਕ ਇਸ ਘਟਨਾ ਕਾਰਨ ਦਹਿਸ਼ਤ ਵਿੱਚ ਹਨ, ਖਾਸ ਕਰਕੇ ਕੋਰੰਗੀ ਇਲਾਕੇ ਵਿੱਚ ਜਿੱਥੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਤਾਇਨਾਤ ਕੀਤੀ ਗਈ ਹੈ। ਇਲਾਕੇ ਦੇ ਰਹਿਣ ਵਾਲੇ ਹਿੰਦੂ ਸੰਜੀਵ ਨੇ ਅਖਬਾਰ ਨੂੰ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਛੇ ਤੋਂ ਅੱਠ ਵਿਅਕਤੀ ਇਲਾਕੇ 'ਚ ਆਏ ਅਤੇ ਮੰਦਰ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਹਮਲਾ ਕਿਸ ਨੇ ਕੀਤਾ ਅਤੇ ਕਿਉਂ ਕੀਤਾ। ਪੁਲਿਸ ਨੂੰ ਸ਼ਿਕਾਇਤ ਦਰਜ ਕਰਨ ਲਈ ਕਿਹਾ ਗਿਆ ਹੈ।
ਕੋਰੰਗੀ ਦੇ ਐੱਸਐੱਚਓ ਫਾਰੂਕ ਸੰਜਰਾਨੀ ਨੇ ਦੱਸਿਆ ਕਿ ਪੰਜ ਤੋਂ ਛੇ ਅਣਪਛਾਤੇ ਸ਼ੱਕੀ ਮੰਦਰ ਵਿੱਚ ਦਾਖ਼ਲ ਹੋਏ ਅਤੇ ਭੰਨਤੋੜ ਕਰਨ ਤੋਂ ਬਾਅਦ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮੰਦਰ ’ਤੇ ਹਮਲਾ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਪਾਕਿਸਤਾਨ ਵਿੱਚ ਘੱਟਗਿਣਤੀ ਹਿੰਦੂ ਆਬਾਦੀ ਦੇ ਮੰਦਰਾਂ ਨੂੰ ਅਕਸਰ ਭੀੜ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਹੈ। ਅਕਤੂਬਰ ਵਿੱਚ ਕੋਟਰੀ ਵਿੱਚ ਸਿੰਧੂ ਨਦੀ ਦੇ ਕੰਢੇ ਸਥਿਤ ਇੱਕ ਇਤਿਹਾਸਕ ਮੰਦਰ ਨੂੰ ਕਥਿਤ ਤੌਰ 'ਤੇ ਅਣਪਛਾਤੇ ਵਿਅਕਤੀਆਂ ਨੇ ਨਿਸ਼ਾਨਾ ਬਣਾਇਆ ਸੀ।
ਇਸ ਸਬੰਧੀ ਥਾਣਾ ਕੋਤਰੀ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸਰਕਾਰੀ ਅਨੁਮਾਨਾਂ ਅਨੁਸਾਰ ਪਾਕਿਸਤਾਨ ਵਿੱਚ 7.5 ਮਿਲੀਅਨ ਹਿੰਦੂ ਰਹਿੰਦੇ ਹਨ। ਹਾਲਾਂਕਿ, ਭਾਈਚਾਰੇ ਦੇ ਹਿਸਾਬ ਨਾਲ ਦੇਸ਼ ਵਿੱਚ 90 ਲੱਖ ਤੋਂ ਵੱਧ ਹਿੰਦੂ ਹਨ। ਪਾਕਿਸਤਾਨ ਦੀ ਜ਼ਿਆਦਾਤਰ ਹਿੰਦੂ ਆਬਾਦੀ ਸਿੰਧ ਪ੍ਰਾਂਤ ਵਿੱਚ ਆਬਾਦ ਹੈ। ਉਹ ਅਕਸਰ ਕੱਟੜਪੰਥੀਆਂ ਦੁਆਰਾ ਪਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਕਰਦੇ ਹਨ।
ਇਹ ਵੀ ਪੜ੍ਹੋ: ਲਖਨਊ PUBG ਮਾਮਲਾ : 16 ਸਾਲਾਂ ਬੇਟੇ ਨੇ ਮਾਂ ਦਾ ਕਤਲ ਕਰਕੇ 5 ਹਜਾਰ 'ਚ ਲਾਸ਼ ਨੂੰ ਠਿਕਾਣੇ ਲਗਾਉਣ ਦਾ ਕੀਤਾ ਸੀ ਇੰਤਜਾਮ