ਪੰਜੀ: ਗੋਆ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਨੇ ਐਤਵਾਰ ਨੂੰ ਉੱਤਰੀ ਗੋਆ ਦੇ ਅਰਾਮਬੋਲ ਨੇੜੇ ਇੱਕ ਬੀਚ ਵਿਲੇਜ 'ਚ ਛਾਪੇਮਾਰੀ ਕੀਤੀ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਲਗਭਗ 35 ਲੱਖ ਰੁਪਏ ਦੀ ਚਰਸ ਜ਼ਬਤ ਕੀਤੀ ਗਈ ਹੈ।
ਛਾਪੇਮਾਰੀ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਲੋਕਾਂ 'ਚ ਰਾਜਸਥਾਨ ਦਾ 35 ਸਾਲਾ ਚੰਦਨ ਸਿੰਘ ਹੈ ਜਿਸ ਕੋਲੋਂ 2.3 ਕਿੱਲੋ ਚਰਸ ਫੜ੍ਹੀ ਗਈ ਹੈ, ਜਿਸ ਦੀ ਕੀਮਤ 11.95 ਲੱਖ ਰੁਪਏ ਦੱਸੀ ਜਾ ਰਹੀ ਹੈ।
ਦੂਜਾ ਵਿਅਕਤੀ ਉੱਤਰਾਖੰਡ ਨਾਲ ਸਬੰਧ ਰੱਖਣ ਵਾਲਾ 36 ਸਾਲਾ ਛੱਤਰ ਸਿੰਘ ਹੈ, ਤੀਜਾ ਵਿਅਕਤੀ 35 ਸਾਲਾ ਰਾਜੂ ਲਾਮਾ ਹੈ ਜੋ ਹਿਮਾਚਲ ਨਾਲ ਸਬੰਧਿਤ ਹੈ। ਇਨ੍ਹਾਂ ਦੋਵਾਂ ਕੋਲੋਂ 2.10 ਕਿੱਲੋਂ (ਕੀਮਤ 10.50 ਲੱਖ) ਅਤੇ 2.5 ਕਿੱਲੋ ਚਰਸ (ਕੀਮਤ 12.50 ਲੱਖ) ਫੜ੍ਹੀ ਗਈ ਹੈ।
ਗੋਆ ਪੁਲਿਸ ਦੇ ਬੁਲਾਰੇ ਮਹੇਸ਼ ਗੋਨਕਰ ਨੇ ਕਿਹਾ ਕਿ "ਸਮੱਗਲਰਾਂ 'ਤੇ ਕਈ ਦਿਨਾਂ ਤੱਕ ਨਜ਼ਰ ਰੱਖੀ ਗਈ, ਜਿਸ ਤੋਂ ਬਾਅਦ ਤੁਰੰਤ ਛਾਪੇਮਾਰੀ ਕੀਤੀ ਗਈ।"