ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਸੋਨੀਆ ਗਾਂਧੀ ਨੂੰ ਭੇਜੇ ਗਏ ਅਸਤੀਫ਼ੇ ਵਿੱਚ ਉਨ੍ਹਾਂ ਕਿਹਾ ਹੈ ਕਿ ਮੌਜੂਦਾ ਹਾਲਾਤ ਵਿੱਚ ਹੁਣ ਕੰਮ ਕਰਨਾ ਸੰਭਵ ਨਹੀਂ ਹੈ। ਮੈਂ 49 ਸਾਲ ਪਾਰਟੀ ਨਾਲ ਜੁੜਿਆ ਰਿਹਾ। ਹੁਣ ਮੈਂ ਪਾਰਟੀ ਛੱਡ ਰਿਹਾ ਹਾਂ।
ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਅਸ਼ਵਨੀ ਕੁਮਾਰ ਨੇ ਕਿਹਾ ਕਿ ਕਾਂਗਰਸ ਹੁਣ ਪਹਿਲਾਂ ਵਾਲੀ ਪਾਰਟੀ ਨਹੀਂ ਰਹੀ। ਸਾਡੇ ਕੋਲ ਪ੍ਰੇਰਕ ਲੀਡਰਸ਼ਿਪ ਨਹੀਂ ਹੈ। ਮੈਂ ਨਾ ਤਾਂ ਰਾਜਨੀਤੀ ਛੱਡੀ ਹੈ ਅਤੇ ਨਾ ਹੀ ਲੋਕ ਸੇਵਾ ਤੋਂ ਸੰਨਿਆਸ ਲਿਆ ਹੈ। ਮੈਂ ਕੌਮ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਰਹਾਂਗਾ। ਕਾਂਗਰਸ ਛੱਡਣ ਦਾ ਫੈਸਲਾ ਦੁਖਦਾਈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਜਿਸ ਤਰ੍ਹਾਂ ਕਾਂਗਰਸ ਦੀ ਅੰਦਰੂਨੀ ਪ੍ਰਕਿਰਿਆ ਚੱਲ ਰਹੀ ਹੈ, ਮੈਂ ਆਪਣੇ ਸਵੈ-ਮਾਣ ਨਾਲ ਸਮਝੌਤਾ ਨਹੀਂ ਕਰ ਸਕਦਾ ਸੀ। ਮੈਨੂੰ ਲੱਗਾ ਕਿ ਪਾਰਟੀ ਦੀ ਇਸ ਬੇਰੁਖ਼ੀ ਨੂੰ ਝੱਲਣ ਲਈ ਮੇਰੇ ਮੋਢੇ ਇੰਨੇ ਮਜ਼ਬੂਤ ਨਹੀਂ ਹਨ, ਇਸ ਲਈ ਮੈਂ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ।
ਦੱਸ ਦਈਏ ਕਿ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਰਾਹੁਲ ਗਾਂਧੀ ਦੀ ਜ਼ਿੰਮੇਵਾਰੀ ਹੈ ਕਿ ਉਹ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਅਤੇ ਲੀਡਰਸ਼ਿਪ ਦੇ ਮੁੱਦੇ 'ਤੇ ਜਾਰੀ ਅਨਿਸ਼ਚਿਤਤਾ ਨੂੰ ਦੂਰ ਕਰਨ। ਕਾਂਗਰਸ ਪ੍ਰਧਾਨ ਦੀ ਚੋਣ ਮੁਲਤਵੀ ਹੋਣ 'ਤੇ ਉਨ੍ਹਾਂ ਕਿਹਾ ਕਿ ਪਾਰਟੀ ਕੋਲ ਇੰਨਾ ਸਮਾਂ ਨਹੀਂ ਹੈ। ਜੇਕਰ ਰਾਹੁਲ ਗਾਂਧੀ ਪ੍ਰਧਾਨ ਦਾ ਅਹੁਦਾ ਸਵੀਕਾਰ ਨਹੀਂ ਕਰਦੇ ਹਨ ਤਾਂ ਪਾਰਟੀ 'ਚ ਸਰਬਸੰਮਤੀ ਨਾਲ ਨੇਤਾ ਦੀ ਚੋਣ ਹੋਣੀ ਚਾਹੀਦੀ ਹੈ।
ਅਸ਼ਵਨੀ ਕੁਮਾਰ ਯੂਪੀਏ-2 ਦੌਰਾਨ ਭਾਰਤ ਸਰਕਾਰ ਵਿੱਚ ਕਾਨੂੰਨ ਮੰਤਰੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਰਹਿ ਚੁੱਕੇ ਹਨ। ਉਹ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਜਾਂਦੇ ਰਹੇ। ਕੋਲਗੇਟ ਮਾਮਲੇ ਦੀ ਖਰੜਾ ਰਿਪੋਰਟ ਬਦਲਣ ਦੇ ਦੋਸ਼ਾਂ ਵਿੱਚ ਘਿਰੇ ਅਸ਼ਵਨੀ ਕੁਮਾਰ ਨੂੰ ਯੂਪੀਏ-2 ਦੌਰਾਨ ਅਸਤੀਫ਼ਾ ਦੇਣਾ ਪਿਆ ਸੀ।
ਇਹ ਵੀ ਪੜੋ: ਕੈਨੇਡਾ ਵਿੱਚ ਲਾਗੂ ਹੋਇਆ ਐਮਰਜੈਂਸੀ ਐਕਟ, ਭਾਜਪਾ ਆਗੂ ਸਿਰਸਾ ਨੇ ਕਿਹਾ...