ਨਵੀਂ ਦਿੱਲੀ: ਮੰਗਲਵਾਰ ਸ਼ਾਮ ਫਿਰੋਜ਼ਸ਼ਾਹ ਰੋਡ 'ਤੇ ਹਿੱਟ ਐਂਡ ਡਰੈਗ ਦਾ ਮਾਮਲਾ ਸਾਹਮਣੇ ਆਇਆ ਹੈ। ਤੇਜ਼ ਰਫਤਾਰ ਕਾਰ ਚਾਲਕ ਨੇ ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਕਾਰਨ ਰਿਕਸ਼ਾ ਚਾਲਕ ਕਾਰ ਵਿੱਚ ਫਸ ਗਿਆ ਅਤੇ ਕਾਰ ਚਾਲਕ ਉਸ ਨੂੰ ਕਰੀਬ 200 ਮੀਟਰ ਤੱਕ ਘਸੀਟਦਾ ਲੈ ਗਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਜ਼ਖਮੀ ਰਿਕਸ਼ਾ ਚਾਲਕ ਨੂੰ ਆਰਐੱਮਐੱਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜੋ: ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ, ਪੰਜਾਬ ਵਿੱਚ ਅੱਜ ਸਰਕਾਰੀ ਛੁੱਟੀ, ਦੇਸ਼ ਵਿੱਚ 2 ਦਿਨ ਦਾ ਰਾਸ਼ਟਰੀ ਸੋਗ
ਇਸ ਤਰ੍ਹਾਂ ਵਾਪਰੀ ਘਟਨਾ: ਮੰਗਲਵਾਰ ਦੇਰ ਸ਼ਾਮ ਫਿਰੋਜ਼ਸ਼ਾਹ ਰੋਡ 'ਤੇ ਇੱਕ ਤੇਜ਼ ਰਫਤਾਰ ਕਾਰ ਨੇ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਰਿਕਸ਼ਾ ਚਾਲਕ ਕਾਰ ਦੇ ਬੋਨਟ ਵਿੱਚ ਫਸ ਗਿਆ ਅਤੇ ਕਰੀਬ 200 ਮੀਟਰ ਤੱਕ ਘਸੀਟਿਆ ਗਿਆ। ਕਾਰ ਰੁਕਣ 'ਤੇ ਲੋਕਾਂ ਨੇ ਕਾਰ ਚਾਲਕ ਨੂੰ ਫੜ ਲਿਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਸੂਚਨਾ ਦਿੱਤੀ। ਮੁਲਜ਼ਮ ਕਾਰ ਚਾਲਕ ਦੀ ਪਛਾਣ ਮੁਰਾਦਨਗਰ ਦੇ ਰਹਿਣ ਵਾਲੇ ਫਰਮਾਨ ਵਜੋਂ ਹੋਈ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਾਰ ਚਾਲਕ ਸ਼ਰਾਬ ਦੇ ਨਸ਼ੇ 'ਚ ਤਾਂ ਨਹੀਂ ਸੀ। ਉਸ ਖ਼ਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਕਿਸੇ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਡੀਸੀਪੀ ਨਵੀਂ ਦਿੱਲੀ ਪ੍ਰਣਵ ਤਾਇਲ ਨੇ ਦੱਸਿਆ ਕਿ ਕ੍ਰਾਈਮ ਟੀਮ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀ ਹੈ, ਨਾਲ ਹੀ ਨੇੜੇ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਹਾਦਸੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਰਿਕਸ਼ਾ ਚਾਲਕ ਦੀ ਪਛਾਣ ਮਨੋਜ ਵਜੋਂ ਹੋਈ ਹੈ, ਜੋ ਘਰ ਦਾ ਕੰਮ ਕਰਦਾ ਹੈ।
ਦੱਸ ਦਈਏ ਕਿ ਇਸ ਸਾਲ 1 ਜਨਵਰੀ ਨੂੰ ਕਾਂਝਵਾਲਾ 'ਚ ਵੀ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਦੋਸ਼ੀ ਅੰਜਲੀ ਨਾਂ ਦੀ ਲੜਕੀ ਨੂੰ ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਕਈ ਕਿਲੋਮੀਟਰ ਤੱਕ ਘਸੀਟ ਕੇ ਲੈ ਗਏ ਸਨ। ਮੁਲਜ਼ਮਾਂ ਨੂੰ ਇਹ ਵੀ ਪਤਾ ਸੀ ਕਿ ਲੜਕੀ ਬੋਨਟ ਵਿੱਚ ਫਸ ਗਈ ਹੈ, ਫਿਰ ਵੀ ਉਨ੍ਹਾਂ ਨੇ ਗੱਡੀ ਨਹੀਂ ਰੋਕੀ, ਜਿਸ ਕਾਰਨ ਲੜਕੀ ਦੀ ਮੌਤ ਹੋ ਗਈ।