ਸ੍ਰੀਨਗਰ: ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀ) ਸੁਰੇਂਦਰ ਪਵਾਰ ਨੇ ਸੋਮਵਾਰ ਨੂੰ ਕਿਹਾ ਕਿ ਕੰਟਰੋਲ ਰੇਖਾ (ਐਲਓਸੀ) ‘ਤੇ ਸਰਹੱਦ ਪਾਰ ਅੱਤਵਾਦੀ ਗਤੀਵਿਧੀਆਂ ਘੱਟੀਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੁਰੱਖਿਆ ਬਲ ਅੱਤਵਾਦੀਆਂ ਨਾਲ ਲੜਨ ਲਈ ਤਿਆਰ ਹੈ।
ਬੀਐਸਐਫ ਦੇ ਏਡੀਜੀ ਨੇ ਦੱਸਿਆ ਕਿ ਐਲਓਸੀ ਉੱਤੇ ਸਰਹੱਦ ਪਾਰੋਂ ਲਾਂਚਿੰਗ ਪੈਡ ‘ਤੇ ਇਸ ਵੇਲੇ 250-300 ਅੱਤਵਾਦੀ ਹਨ, ਜੋ ਬਰਫ਼ਬਾਰੀ ਤੋਂ ਪਹਿਲਾਂ ਭਾਰਤੀ ਸਰਹੱਦ 'ਚ ਘੁਸਪੈਠ ਕਰਨ ਦੀ ਸਥਿਤੀ ਵਿੱਚ ਹਨ। ਪਰ ਸਾਡੇ ਸਿਪਾਹੀ ਘੁਸਪੈਠ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਸੁਚੇਤ ਹਨ।
ਸ੍ਰੀਨਗਰ ਵਿੱਚ ਬੀਐਸਐਫ ਦੇ ਮੁੱਖ ਦਫ਼ਤਰ ਵਿੱਚ ਸ਼ਹੀਦ ਸਿਪਾਹੀ ਸੁਦੀਪ ਸਰਕਾਰ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਐਸਐਫ ਦੇ ਏਡੀਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਪਿੱਛਲੇ ਸਾਲ 140 ਦੇ ਮੁਕਾਬਲੇ ਇਸ ਸਾਲ ਸਿਰਫ 25-30 ਅੱਤਵਾਦੀ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਨ ਵਿੱਚ ਕਾਮਯਾਬ ਹੋਏ ਸਨ।
ਕੁਪਵਾੜਾ ਦੇ ਮਾਛੀਲ ਸੈਕਟਰ ਵਿੱਚ ਹੋਏ ਮੁੱਠਭੇੜ 'ਤੇ ਉਨ੍ਹਾਂ ਕਿਹਾ ਕਿ 7-8 ਨਵੰਬਰ ਦੀ ਰਾਤ ਨੂੰ ਸਾਡੀ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀਆਂ ਸ਼ੱਕੀ ਗਤੀਵਿਧੀਆਂ ਵੇਖੀਆਂ। ਇਸ ਤੋਂ ਬਾਅਦ ਕਾਂਸਟੇਬਲ ਸੁਦੀਪ ਸਰਕਾਰ ਅਤੇ ਕਾਂਸਟੇਬਲ ਅਬਦੁੱਲ ਮੌਕੇ 'ਤੇ ਪਹੁੰਚੇ ਅਤੇ ਲੁੱਕੇ ਹੋਏ ਅੱਤਵਾਦੀਆਂ ਨੂੰ ਚੁਣੌਤੀ ਦਿੱਤੀ। ਗੋਲੀਬਾਰੀ ਦੌਰਾਨ ਕਾਂਸਟੇਬਲ ਸੁਦੀਪ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਬਾਅਦ ਵਿੱਚ ਉਹ ਸ਼ਹੀਦ ਹੋ ਗਏ।