ਨਵੀਂ ਦਿੱਲੀ: ਆਮਿਰ ਖਾਨ ਸਟਾਰਰ ਬਾਲੀਵੁੱਡ ਫਿਲਮ ‘ਦੰਗਲ’ ਨੂੰ ਪ੍ਰੇਰਿਤ ਕਰਨ ਵਾਲੀ ਹਰਿਆਣਾ ਦੇ ਪਹਿਲਵਾਨ ਪਰਿਵਾਰ ਦੀ ਤਗਮਾ ਜੇਤੂ ਖਿਡਾਰੀ ਬਬੀਤਾ ਫੋਗਾਟ ਤੇ ਪਿਤਾ ਮਹਾਵੀਰ ਫੋਗਾਟ ਬਬੀਤਾ ਸੋਮਵਾਰ ਨੂੰ ਰਾਜਧਾਨੀ ਦਿੱਲੀ ਵਿਖੇ ਭਾਜਪਾ ਵਿੱਚ ਸ਼ਾਮਲ ਹੋਏ। ਬਬੀਤਾ ਫੋਗਾਟ ਦੇ ਪਿਤਾ ਅਤੇ ਦ੍ਰੌਣਾਚਾਰਿਆ ਪੁਰਸਕਾਰ ਜੇਤੂ ਮਹਾਵੀਰ ਫੋਗਾਟ ਜਨਨਾਇਕ ਜਨਤਾ ਪਾਰਟੀ ਛੱਡ ਕੇ ਆਪਣੀ ਧੀ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ।
ਸਾਲ 2019 ਦੀਆਂ ਰਾਸ਼ਟਰੀ ਚੋਣਾਂ ਤੋਂ ਪਹਿਲਾਂ, ਮਹਾਵੀਰ ਫੋਗਾਟ ਸਾਬਕਾ ਮੁੱਖ ਮੰਤਰੀ ਓ.ਪੀ. ਚੌਟਾਲਾ ਦੇ ਜੇਲ੍ਹ ਗਏ ਵੱਡੇ ਬੇਟੇ ਅਜੇ ਚੌਟਾਲਾ ਵੱਲੋਂ ਸਥਾਪਤ ਜਨਨਾਇਕ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਪਾਰਟੀ ਦੇ ਸਪੋਰਟਸ ਸੈੱਲ ਦਾ ਮੁਖੀ ਬਣਾਇਆ ਗਿਆ ਸੀ ਪਰ ਪਰਿਵਾਰ ਦੀ ਉਮੀਦ ਮੁਤਾਬਿਕ ਉਨ੍ਹਾਂ ਨੂੰ ਪਾਰਟੀ ਦੀ ਟਿਕਟ ਨਹੀਂ ਮਿਲੀ ਸੀ।
ਮਹਾਵੀਰ ਫੋਗਾਟ ਨੇ ਕਿਹਾ, “ਭਾਜਪਾ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਕੇ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਕੇ ਵੱਡਾ ਕੰਮ ਕੀਤਾ ਹੈ"। ਫੋਗਾਟ ਨੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਦੀ “ਇੱਕ ਪਾਰਦਰਸ਼ੀ ਸਰਕਾਰ ਮੁਹੱਈਆ ਕਰਾਉਣ ਅਤੇ ਨੌਜਵਾਨਾਂ ਦੀ ਨਿਰਪੱਖ ਤਰੀਕੇ ਨਾਲ ਭਰਤੀ ਕਰਨ ਲਈ” ਪ੍ਰਸ਼ੰਸਾ ਵੀ ਕੀਤੀ।
ਦੱਸਣਯੋਗ ਹੈ ਕਿ ਬਬੀਤਾ ਦੇ ਕਈ ਤਮਗੇ ਜਿੱਤਣ ਦੇ ਬਾਵਜੂਦ ਉਸ ਨੂੰ ਪੁਲਿਸ ਡਿਪਟੀ ਸੁਪਰਡੈਂਟ ਵਜੋਂ ਅਪਗ੍ਰੇਡ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਬਬੀਤਾ ਨੇ ਹਰਿਆਣਾ ਸਰਕਾਰ 'ਤੇ ਮੁਕੱਦਮਾ ਕੀਤਾ ਸੀ। ਉਹ ਇੱਕ ਸਬ-ਇੰਸਪੈਕਟਰ ਦੀ ਪੋਸਟ 'ਤੇ ਸਨ ਪਰ ਇਸ ਸਾਲ ਜੂਨ ਵਿੱਚ ਕੇਸ ਹਾਰਨ ਮਗਰੋਂ ਬਬੀਤਾ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਫੋਗਾਟ ਪਰਿਵਾਰ ਦਾਦਰੀ ਦੇ ਬਲਾਲੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਅਜਿਹੀ ਅਸ਼ੰਕਾ ਲਗਾਈ ਜਾ ਰਹੀ ਹੈ ਕਿ ਪਰਿਵਾਰ ਬਬੀਤਾ ਤੋਂ ਦਾਦਰੀ ਜ਼ਿਲ੍ਹੇ ਦੇ ਬਧਰਾ ਜਾਂ ਦਾਦਰੀ ਵਿਧਾਨ ਸਭਾ ਹਲਕਿਆਂ ਵਿੱਚੋਂ ਚੋਣ ਲੜਨ ਦੀ ਉਮੀਦ ਕਰਦਾ ਹੈ। ਸੱਟ ਤੋਂ ਠੀਕ ਹੋ ਰਹੀ ਬਬੀਤਾ ਦਾ ਉਦੇਸ਼ ਓਲੰਪਿਕ ਲਈ ਕੁਆਲੀਫਾਈ ਕਰਨਾ ਹੈ ਅਤੇ ਆਖਰਕਾਰ ਦੇਸ਼ ਨੂੰ ਓਲੰਪਿਕ ਵਿੱਚ ਸੋਨੇ ਦੇ ਤਗਮੇ ਦੀ ਸ਼ਾਨ ਦਵਾਉਣਾ ਹੈ।