ਨਵੀਂ ਦਿੱਲੀ: ਬਿਹਾਰ 'ਚ ਚਲ ਰਹੇ ਵਿਧਾਨ ਸਭਾ ਚੋਣਾਂ ਵਿਚਕਾਰ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਐਤਵਾਰ ਨੂੰ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੋਏ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਨੂੰ ਹਰਾਇਆ ਦਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਬਿਹਾਰ ਚੋਣ ਦੇ ਨਤੀਜਿਆਂ 'ਚ ਇਹ ਗੱਲ ਸਾਫ ਹੋਵੇਗੀ।
ਉਨ੍ਹਾਂ ਕਿਹਾ ਕਿ ਕੌਣ ਕਹਿੰਦਾ ਹੈ ਕਿ ਭਾਜਪਾ ਨੂੰ ਹਰਾਇਆ ਨਹੀਂ ਜਾ ਸਕਦਾ? ਵਿਰੋਧੀ ਦਲਾਂ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਭਾਜਪਾ ਨੂੰ ਹਰਾ ਸਕਦੇ ਹਨ। ਮੈਨੂੰ ਉਮੀਦ ਹੈ ਕਿ ਬਿਹਾਰ ਚੋਣਾਂ 2020 ਵਿੱਚ ਇਹ ਗੱਲ ਜ਼ਰੂਰ ਸਾਬਤ ਹੋਵੇਗੀ।
ਇੱਕ ਹੋਰ ਪੋਸਟ ਵਿੱਚ ਸਾਬਕਾ ਕੇਂਦਰੀ ਵਿੱਤ ਮੰਤਰੀ ਨੇ ਕਿਹਾ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਨੇ 381 ਵਿਧਾਨਸਭਾ ਖੇਤਰਾਂ ਵਿੱਚੋਂ 319 ਖੇਤਰਾਂ ਵਿੱਚ ਜਿੱਤ ਦਰਜ ਕੀਤੀ ਸੀ। ਬਾਅਦ ਵਿੱਚ ਵਿਧਾਨ ਸਭਾ ਚੋਣ ਅਤੇ ਉਪ-ਚੋਣ ਦੌਰਾਨ ਭਾਜਪਾ ਨੇ 381 ਵਿਧਾਨ ਸਭਾ ਖੇਤਰਾਂ ਵਿੱਚੋਂ ਸਿਰਫ਼ 163 ਸੀਟਾਂ ਹੀ ਜਿੱਤੀਆਂ ਸਨ।
ਦੱਸਣਯੋਗ ਹੈ ਬਿਹਾਰ ਦੀਆਂ 243 ਵਿਧਾਨ ਸਭਾ ਸੀਟਾਂ ਦੇ ਲਈ ਤਿੰਨ ਪੜਾਵਾਂ ਵਿੱਚ ਚੋਣਾਂ ਹੋ ਰਹੀਆਂ ਹਨ। ਪਹਿਲੇ ਪੜਾਅ ਦੀ ਚੋਣ 28 ਅਕਤੂਬਰ ਨੂੰ ਹੋਈ ਸੀ, ਦੂਜੇ ਪੜਾਅ ਲਈ ਚੋਣ 3 ਨਵੰਬਰ ਨੂੰ ਹੋਣੀ ਹੈ ਅਤੇ ਤੀਜੇ ਪੜਾਅ ਵਿੱਚ 78 ਸੀਟਾਂ ਲਈ 7 ਨਵੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦਾ ਨਤੀਜਾ 10 ਨਵੰਬਰ ਨੂੰ ਐਲਾਨਿਆ ਜਾਵੇਗਾ।