ਨਵੀਂ ਦਿੱਲੀ: ਕਿਸਾਨ ਜਥੇਬੰਦੀਆਂ ਵੱਲੋਂ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਆਊਟਰ ਰਿੰਗ ਰੋਡ ’ਤੇ ਟਰੈਕਟਰ ਪਰੇਡ ਕੀਤੀ ਜਾਣੀ ਹੈ। ਉੱਥੇ ਹੀ ਕਿਸਾਨਾਂ ਦੀ ਟੈਕਟਰ ਪਰੇਡ 'ਚ ਕਿਸਾਨਾਂ ਨੂੰ ਮਾਰਨ ਤੇ ਹਿੰਸਾ ਕਰਨ ਦੀ ਸਾਜਿਸ਼ ਦਾ ਖੁਲਾਸਾ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਕਿਸਾਨ ਮੋਰਚੇ ਨੇ ਸ਼ੁੱਕਰਵਾਰ ਰਾਤ ਨੂੰ ਸਿੰਘੂ ਬਾਰਡਰ 'ਤੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਸੋਨੀਪਤ ਤੋਂ ਆਏ ਉਤਰਾਖੰਡ ਦੇ ਇੱਕ ਨਕਾਬਪੋਸ਼ ਨੌਜਵਾਨ ਨੂੰ ਪੇਸ਼ ਕੀਤਾ ਗਿਆ। ਇਹ ਵੀ ਦਾਅਵਾ ਕੀਤਾ ਗਿਆ ਕਿ ਉਕਤ ਨੌਜਵਾਨ ਸਣੇ ਪੁਲਿਸ ਦੀ ਵਰਦੀ ਪਾਏ 60 ਨੌਜਵਾਨਾਂ ਨੇ ਪਰੇਡ ਦੌਰਾਨ ਹਿੰਸਾ ਭੜਕਾਉਣੀ ਸੀ ਤੇ ਚਾਰ ਲੋਕਾਂ ਦਾ ਕਤਲ ਕਰਨਾ ਸੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਤਿਰੰਗੇ ਦੀ ਬੇਅਦਬੀ ਕਰ ਹੰਗਾਮਾ ਕਰਨ ਦੀ ਸਾਜਿਸ਼ ਸੀ। ਇਸ ਬਾਰੇ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੇਵਾਲ ਨੇ ਸਾਰੀ ਘਟਨਾ ਦਾ ਖੁਲਾਸਾ ਕੀਤਾ। ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਇੱਕ ਨੌਜਵਾਨ ਨੇ ਸਿੰਘੂ ਬਾਰਡਰ ਦੇ ਮੋੜ 'ਤੇ ਕਿਸਾਨਾਂ ਨੂੰ ਕਿਹਾ ਕਿ ਇਥੇ ਕੁੜੀਆਂ ਨਾਲ ਛੇੜਛਾੜ ਹੋ ਰਹੀ ਹੈ। ਇਸ ਤੋਂ ਬਾਅਦ ਉਥੇ ਵੱਡੀ ਗਿਣਤੀ 'ਚ ਕਿਸਾਨ ਇੱਕਠੇ ਹੋ ਗਏ ਤੇ ਜਦੋਂ ਉਸ ਨੂੰ ਪੁੱਛਿਆ ਕਿ ਕਿਸ ਕੁੜੀ ਨਾਲ ਛੇੜਛਾੜ ਹੋ ਰਹੀ ਹੈ ਤਾਂ ਨੌਜਵਾਨ ਕੋਈ ਸਹੀ ਜਵਾਬ ਨਾ ਦੇ ਸਕਿਆ। ਸ਼ੱਕ ਪੈਣ 'ਤੇ ਕਿਸਾਨਾਂ ਨੇ ਉਸ ਨੂੰ ਫੜ ਲਿਆ।
ਟਰੈਕਟਰ ਪਰੇਡ ਦੌਰਾਨ ਹੰਗਾਮਾ, ਕਤਲ ਤੇ ਗੁੰਡਾਗਰਦੀ ਕਰਨ ਦੀ ਸਾਜਿਸ਼
ਪੁੱਛਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਹ ਮੂਲ ਤੌਰ 'ਤੇ ਉੱਤਰਾਖੰਡ ਦਾ ਵਸਨੀਕ ਹੈ, ਪਿਛਲੇ 18 ਸਾਲਾਂ ਤੋਂ ਉਹ ਸੋਨੀਪਤ 'ਚ ਰਹਿੰਦਾ ਹੈ। ਉਸ ਨੂੰ 10 ਹਜ਼ਾਰ ਰੁਪਏ ਦੇਣ ਦੀ ਗੱਲ ਕਹਿ ਧਰਨੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦੇ ਨਾਲ ਕੁੱਲ 8 ਨੌਜਵਾਨ ਤੇ ਪੂਜਾ ਤੇ ਸੁਨੀਤਾ ਨਾਂਅ ਦੀਆਂ 2 ਕੁੜੀਆਂ ਵੀ ਇਥੇ 19 ਜਨਵਰੀ ਤੋਂ ਰੇਕੀ ਕਰ ਰਹੀਆਂ ਹਨ। ਉਨ੍ਹਾਂ ਨੂੰ ਲੈਂਡਲਾਈਨ ਫੋਨ ਦੇ ਜ਼ਰੀਏ ਨਿਰਦੇਸ਼ ਦਿੱਤੇ ਜਾਂਦੇ ਹਨ। ਪ੍ਰਦੀਪ ਸਿੰਘ ਨਾਂਅ ਦਾ ਇੱਕ ਨੌਜਵਾਨ ਆਪਣੇ ਆਪ ਨੂੰ ਰਾਈ ਥਾਣੇ ਦਾ ਐਸਐਚਓ ਦੱਸ, ਵਰਦੀ 'ਚ ਉਨ੍ਹਾਂ ਨੂੰ ਸਿੰਘੂ ਬਾਰਡਰ 'ਤੇ ਮਿਲਦਾ ਹੈ। ਉਨ੍ਹਾਂ ਨੂੰ ਇਸ ਕੰਮ ਲਈ 10-10 ਹਜ਼ਾਰ ਰੁਪਏ ਮਿਲਣੇ ਸਨ। ਉਨ੍ਹਾਂ ਨੂੰ ਇਹ ਪਤਾ ਲਗਾਉਣ ਲਈ ਕਿਹਾ ਗਿਆ ਸੀ ਕਿ ਕਿਸਾਨਾਂ ਕੋਲ ਹਥਿਆਰ ਹਨ ਜਾਂ ਨਹੀਂ। ਇਸ ਲਈ ਉਸ ਨੇ ਕੁੜੀਆਂ ਨਾਲ ਛੇੜਛਾੜ ਦੀ ਗੱਲ ਕਹੀ ਤਾਂ ਜੋ ਕਿਸਾਨ ਹਥਿਆਰ ਲੈ ਕੇ ਆਉਣ। ਫੜੇ ਗਏ ਨੌਜਵਾਨ ਨੇ ਦੱਸਿਆ ਕਿ ਉਸ ਦਾ ਕੰਮ ਅਜੇ ਰੇਕੀ ਕਰਨਾ ਸੀ। ਇਥੇ 60 ਨੌਜਵਾਨ ਟਰੈਕਟਰ ਪਰੇਡ ਤੋਂ ਪਹਿਲਾਂ ਆਉਣ ਵਾਲੇ ਹਨ। ਸਾਰੇ ਹਥਿਆਰਾਂ ਨਾਲ ਪੁਲਿਸ ਵਰਦੀ 'ਚ ਹੋਣਗੇ। ਉਨ੍ਹਾਂ ਨੂੰ ਇਸ ਦੇ ਲਈ 23-26 ਜਨਵਰੀ ਵਿਚਾਲੇ ਸਿੰਘੂ ਬਾਰਡਰ ਦੇ ਇੱਕ ਰੈਸਟੋਰੈਂਟ 'ਚ ਹਥਿਆਰ ਦਿੱਤੇ ਜਾਣੇ ਹੈ। ਉਨ੍ਹਾਂ ਨੇ ਕਿਸਾਨਾਂ ਦੀ ਪਰੇਡ 'ਚ ਲਾਠੀਚਾਰਜ ਤੇ ਹਵਾਈ ਫਾਇਰਿੰਗ ਕਰਨੇ ਹੈ। ਕਿਸਾਨਾਂ ਨੇ ਉਸ ਨੌਜਵਾਨ ਦਾ ਨਾਂਅ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਸ ਦੇ ਪਰਿਵਾਰ ਨੂੰ ਜਾਨ ਦਾ ਖ਼ਤਰਾ ਹੋ ਸਕਦਾ ਹੈ।
ਪੁਲਿਸ ਦਾ ਬਿਆਨ
ਇਸ ਮਾਮਲੇ 'ਤੇ ਰਾਈ ਥਾਣੇ ਦੇ ਐਸਐਚਓ ਨੇ ਕਿਹਾ," ਉਨ੍ਹਾਂ ਨੂੰ ਨਹੀਂ ਪਤਾ ਕੀ ਪ੍ਰਦੀਪ ਕੌਣ ਹੈ, ਰਾਈ ਥਾਣੇ 'ਚ ਪ੍ਰਦੀਪ ਨਾਂਅ ਦਾ ਕੋਈ ਵਿਅਕਤੀ ਨਹੀਂ ਹੈ। ਇਸ ਮਾਮਲੇ 'ਚ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਕਿਹਾ," ਮੇਰੀ ਜਾਣਕਾਰੀ 'ਚ ਇਹ ਮਾਮਲਾ ਆਇਆ ਹੈ, ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਫੜੇ ਗਏ ਨੌਜਵਾਨ ਕੋਲੋ ਪੁੱਛਗਿੱਛ ਮਗਰੋਂ ਖੁਲਾਸਾ ਹੋਣ ਦੀ ਗੱਲ ਆਖੀ।