ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਨਗਰੋਟਾ ਅੱਤਵਾਦੀ ਹਮਲੇ ’ਚ ਸ਼ਾਮਲ ਟਰੱਕ ਡਰਾਈਵਰ ਅਤੇ ਕਲੀਨਰ ਨੂੰ ਹਿਰਾਸਤ ’ਚ ਲਿਆ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਉਨ੍ਹਾਂ ਨੂੰ ਦਿੱਲੀ ਲਿਆ ਕੇ ਪੁੱਛ-ਗਿੱਛ ਕਰ ਰਹੀ ਹੈ। ਸਪੈਸ਼ਲ ਸੈੱਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਗਰੋਟਾ ’ਚ ਚਾਰ ਦਿਨ ਪਹਿਲਾਂ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਤੋਂ ਬਾਅਦ, ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਟਰੱਕ ਡਰਾਈਵਰ ਅਤੇ ਕਲੀਨਰ ਗਾਇਬ ਸਨ। ਅਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਇਹ ਦੋਵੇਂ ਉਹ ਹੀ ਹੋ ਸਕਦੇ ਹਨ।
ਸਪੈਸ਼ਲ ਸੈੱਲ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਸਪੈਸ਼ਲ ਸੈੱਲ ਨਗਰੋਟਾ ’ਚ ਮਾਰੇ ਗਏ ਅੱਤਵਾਦੀਆਂ ਨਾਲ ਜੁੜੇ ਸਵਾਲ ਇਨ੍ਹਾਂ ਤੋਂ ਪੁੱਛ ਰਹੀ ਹੈ। ਪਰ ਹਾਲੇ ਤੱਕ ਇਨ੍ਹਾਂ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ, ਦੋਵੇਂ ਜਣੇ ਹਾਲੇ ਪੁਲਿਸ ਹਿਰਾਸਤ ’ਚ ਹਨ। ਦਰਅਸਲ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ 2 ਸ਼ੱਕੀ ਵਿਅਕਤੀਆਂ ਦੀ ਭੂਮਿਕਾ ਮਾਰੇ ਗਏ ਅੱਤਵਾਦੀਆਂ ਨਾਲ ਹੋ ਸਕਦੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਦੋਹਾਂ ਭਰਾਵਾਂ ਨੂੰ ਹਰਿਆਣਾ ਦੇ ਕਰਨਾਲ ਤੋਂ ਹਿਰਾਸਤ ’ਚ ਲਿਆ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਪੁੱਛ-ਗਿੱਛ ਦੌਰਾਨ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਨ੍ਹਾਂ ਨੇ ਨਗਰੋਟਾ ’ਚ ਮਾਰੇ ਗਏ ਅੱਤਵਾਦੀਆਂ ਨੂੰ ਆਪਣੇ ਟਰੱਕ ’ਚ ਪਨਾਹ ਦਿੱਤੀ ਸੀ ਜਾ ਨਹੀਂ।
ਹਿਰਾਸਤ ’ਚ ਲਏ ਗਏ ਦੋਵੇਂ ਭਰਾ ਕੁਲਗਾਮ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਦੀਆਂ ਫ਼ੋਟੋਆਂ ਵੀ ਕਸ਼ਮੀਰ ਤੋਂ ਜੰਮੂ ਦੇ ਰੂਟ ’ਤੇ ਮਿਲੀਆਂ ਸਨ। ਹਿਰਾਸਤ ’ਚ ਲਏ ਗਏ ਦੋਹਾਂ ਭਰਾਵਾਂ ’ਚ ਵੱਡੇ ਦਾ ਨਾਮ ਮੁਹੰਮਦ ਯੂਨਸ ਅਤੇ ਛੋਟੇ ਦਾ ਨਾਮ ਫੈਸਲ ਦਾਰ ਹੈ ਜੋ ਕਿ ਕੁਲਗਾਮ ਦੇ ਪਿੰਡ ਮੁਹੰਮਦਪੁਰਾ ਦੇ ਰਹਿਣ ਵਾਲੇ ਹਨ। ਸਪੈਸ਼ਲ ਸੈੱਲ ਦੇ ਸੂਤਰਾਂ ਨੇ ਦੱਸਿਆ ਕਿ ਪੁੱਛ ਪੜਤਾਲ ਤੋਂ ਬਾਅਦ ਦੋਹਾਂ ਭਰਾਵਾਂ ਨੂੰ ਜਮੂੰ-ਕਸ਼ਮੀਰ ਪੁਲਿਸ ਨੂੰ ਸੌਂਪਿਆ ਜਾ ਸਕਦਾ ਹੈ।