ਨਵੀਂ ਦਿੱਲੀ: ਲੋਕ ਸਭਾ 'ਚ ਇੱਕ ਵਾਰ ਫਿਰ ਤਿੰਨ ਤਲਾਕ ਬਿੱਲ ਪਾਸ ਹੋ ਗਿਆ ਹੈ। ਕਾਂਗਰਸ, ਡੀਐਮਕੇ, ਐਨਸੀਪੀ ਸਣੇ ਕਈ ਵਿਰੋਧੀ ਧਿਰਾਂ ਨੇ ਇਸ ਦਾ ਵਿਰੋਧ ਕੀਤਾ ਜਦਕਿ ਟੀਐਮਸੀ ਤੇ ਸਰਕਾਰ ਦੀ ਸਹਿਯੋਗੀ ਜੇਡੀਯੂ ਨੇ ਵੋਟਿੰਗ ਤੋਂ ਪਹਿਲਾਂ ਸਦਨ 'ਚੋਂ ਵਾਕਆਊਟ ਕਰ ਦਿੱਤਾ। ਇਹ ਬਿੱਲ ਪਿਛਲੀ ਲੋਕ ਸਭਾ 'ਚ ਪਾਸ ਹੋ ਚੁੱਕਿਆ ਹੈ ਪਰ ਰਾਜ ਸਭਾ ਤੋਂ ਇਸ ਬਿੱਲ ਨੂੰ ਵਾਪਸ ਕਰ ਦਿੱਤਾ ਗਿਆ ਸੀ।
ਲੋਕ ਸਭਾ 'ਚ ਬਿੱਲ ਨੂੰ ਵਿਚਾਰ ਦੇ ਲਈ ਪੇਸ਼ ਕਰਨ ਦੇ ਪੱਖ 'ਚ 303 ਤੇ ਵਿਰੋਧ 'ਚ 82 ਵੋਟਾਂ ਪਈਆਂ। ਤਿੰਨ ਤਲਾਕ ਬਿੱਲ ਨੂੰ ਪੇਸ਼ ਕਰਨ ਦਾ ਪ੍ਰਸਤਾਵ ਪਾਸ ਹੋ ਗਿਆ ਹੈ। ਇਸ ਤੋਂ ਬਾਅਦ ਬਿੱਲ 'ਚ ਸੋਧ 'ਤੇ ਵੋਟਿੰਗ ਹੋਈ ਤੇ AIMIM ਲੀਡਰ ਤੇ ਸੰਸਦ ਮੈਂਬਰ ਅੱਸਦੁਧੀਨ ਓਵੈਸੀ ਵੱਲੋਂ ਲਿਆਂਦੀ ਗਈ ਸੋਧ ਨੂੰ ਸਦਨ ਨੇ ਰੱਦ ਕਰ ਦਿੱਤਾ। ਓਵੈਸੀ ਵੱਲੋਂ ਦਿੱਤੀ ਗਈ ਦੂਜੀ ਸੋਧ ਨੂੰ ਵੀ ਸਦਨ ਨੇ ਰੱਦ ਕਰ ਦਿੱਤਾ।
ਮੋਦੀ ਸਰਕਾਰ ਤਿੰਨ ਤਲਾਕ ਬਿੱਲ ਕੁੱਝ ਬਦਲਾਅ ਤੋਂ ਬਾਅਦ ਫਿਰ ਲੋਕ ਸਭਾ 'ਚ ਲੈ ਕੇ ਆਈ ਹੈ। ਹੁਣ ਇਸ ਬਿੱਲ ਨੂੰ ਰਾਜ ਸਭਾ 'ਚ ਪਾਸ ਕਰਵਾਉਣ ਦੀ ਚੁਣੌਤੀ ਸਰਕਾਰ ਦੇ ਸਾਹਮਣੇ ਹੈ, ਜਿਥੇ ਐੱਨਡੀਏ ਕੋਲ ਬਹੁਮਤ ਨਹੀਂ ਹੈ।
ਇਹ ਵੀ ਪੜ੍ਹੋ- ਕਾਰਗਿਲ ਦੇ 20 ਸਾਲ: ਸ਼ਹੀਦ ਸੌਰਭ ਕਾਲੀਆ ਦੇ ਮਾਪਿਆਂ ਨੂੰ ਇਨਸਾਫ਼ ਦੀ ਉਡੀਕ