ਨਵੀਂ ਦਿੱਲੀ: ਸ਼ਾਹੀਨ ਬਾਗ਼ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਟਲ ਗਈ ਹੈ। ਇਹ ਸੁਣਵਾਈ ਦਿੱਲੀ ਵਿੱਚ ਭਲਕੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਟਾਲੀ ਗਈ ਹੈ। ਹੁਣ ਇਹ ਸੁਣਵਾਈ ਸੋਮਵਾਰ ਨੂੰ ਹੋਵੇਗੀ।
ਸੁਪਰੀਮ ਕੋਰਟ ਨੇ ਕਿਹਾ, "ਅਸੀਂ ਸਮਝਦੇ ਹਾਂ ਕਿ ਉੱਥੇ ਮੁਸ਼ਕਿਲ ਹੈ। ਸਵਾਲ ਇਹ ਹੈ ਕਿ ਇਸ ਨੂੰ ਕਿਵੇਂ ਹੱਲ ਕੀਤਾ ਜਾਵੇ ਅਤੇ ਕਿਹੜੇ ਨਿਰਦੇਸ਼ ਜਾਰੀ ਕੀਤੇ ਜਾਣ। ਅਦਾਲਤ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਹੋਣ ਕਾਰਨ ਕੇਸ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ।
ਦੱਸ ਦਈਏ ਕਿ ਸ਼ਾਹੀਨ ਬਾਗ ਵਿਖੇ ਪਿਛਲੇ 55 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਜਾਰੀ ਹੈ। ਔਰਤਾਂ ਅਤੇ ਬੱਚੇ 15 ਦਸੰਬਰ ਤੋਂ ਇੱਥੇ ਸੀਏਏ-ਐਨਆਰਸੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਇਸ ਕਾਨੂੰਨ ਨੂੰ ਵਾਪਸ ਲਵੇ।
ਇਸ ਵਿਰੋਧ ਪ੍ਰਦਰਸ਼ਨ ਦੇ ਕਾਰਨ ਨੋਇਡਾ ਅਤੇ ਬਾਕੀ ਦਿੱਲੀ ਨੂੰ ਜੋੜਨ ਵਾਲੇ ਸ਼ਾਹੀਨ ਬਾਗ਼ ਖੇਤਰ ਦੀ ਇਹ ਸੜਕ ਪਿਛਲੇ 55 ਦਿਨਾਂ ਤੋਂ ਬੰਦ ਹੈ। ਇਸ ਕਾਰਨ ਉਥੇ ਰਹਿੰਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।