ਨਵੀਂ ਦਿੱਲੀ: 23 ਸਾਲਾਂ ਦੀ ਉਮਰ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਭਗਤ ਸਿੰਘ ਆਉਣ ਵਾਲੀਆਂ ਸਦੀਆਂ ਵਿੱਚ ਵੀ ਨੌਜਵਾਨਾਂ ਅਤੇ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ। ਵੈਸੇ ਤਾਂ ਦੇਸ਼ ਭਰ ਦਾ ਬੱਚਾ-ਬੱਚਾ ਸ਼ਹੀਦ ਭਗਤ ਸਿੰਘ ਬਾਰੇ ਜਾਣਦਾ ਹੈ ਤੇ ਕਿਤਾਬਾਂ ਤੋਂ ਲੈ ਕੇ ਫ਼ਿਲਮਾਂ ਤੱਕ ਭਗਤ ਸਿੰਘ ਦੇ ਕਿੱਸੇ ਭਰੇ ਪਏ ਹਨ ਪਰ ਭਗਤ ਸਿੰਘ ਦੇ ਪਰਿਵਾਰ ਨਾਲ ਜੁੜੇ ਲੋਕ ਸ਼ਾਇਦ ਉਨ੍ਹਾਂ ਬਾਰੇ ਕੁਝ ਹੋਰ ਜਾਣਕਾਰੀ ਦੇ ਸਕਦੇ ਹਨ।
ਇਸੇ ਤਹਿਤ ਈਟੀਵੀ ਭਾਰਤ ਵੱਲੋਂ ਸ਼ਹੀਦ ਭਗਤ ਸਿੰਘ ਦੇ ਭਤੀਜੇ ਸ਼ਿਵਨਾਨ ਸਿੰਘ ਨਾਲ ਗੱਲਬਾਤ ਕੀਤੀ ਗਈ। ਸ਼ਿਵਨਾਨ ਭਗਤ ਸਿੰਘ ਦੇ ਵਿਚਾਰਾਂ ਨੂੰ ਜੀਵਤ ਰੱਖਣ ਲਈ ਬਾਖ਼ੁਬੀ ਕੰਮ ਕਰ ਰਹੇ ਹਨ। ਈਟੀਵੀ ਭਾਰਤ ਵੱਲੋਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਕਿ ਪਰਿਵਾਰਕ ਮੈਂਬਰ ਦੇ ਤੌਰ 'ਤੇ ਉਹ ਭਗਤ ਸਿੰਘ ਨੂੰ ਕਿਸ ਤਰ੍ਹਾਂ ਯਾਦ ਕਰਦੇ ਹਨ।
ਸ਼ਿਵਨਾਨ ਸਿੰਘ ਦਾ ਕਹਿਣਾ ਹੈ ਕਿ ਭਗਤ ਸਿੰਘ ਲਈ ਉਨ੍ਹਾਂ ਦਾ ਪਰਿਵਾਰਕ ਮੈਂਬਰ ਉਹ ਹੈ ਜੋ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਦਾ ਹੈ। ਭਗਤ ਸਿੰਘ ਇੰਨੇ ਸਾਲਾਂ ਬਾਅਦ ਕਿਵੇਂ ਜੀਵਤ ਹਨ, ਇਹ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਭਗਤ ਸਿੰਘ ਵਰਗੇ ਲੋਕ ਵਿਚਾਰਾਂ ਵਿੱਚ ਜੀਵਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਲੋਕਾਂ ਵਿੱਚ ਵਿਚਾਰਧਾਰਾ ਦੀ ਕਮੀ ਹੈ ਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਜ਼ਰੂਰਤ ਹੈ।