ਨਵੀਂ ਦਿੱਲੀ: ਸਨਿੱਚਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਨੇ ਆਪਣਾ ਚੋਣ ਮੁਹਿੰਮ ਗੀਤ ਲਾਂਚ ਕੀਤਾ। ਇਸ ਤੋਂ ਬਾਅਦ ਆਪ ਦੀ ਸੋਸ਼ਲ ਮੀਡੀਆ ਟੀਮ ਨੇ ਇੱਕ ਅਜਿਹੀ ਵੀਡੀਓ ਤਿਆਰ ਕੀਤੀ ਜਿਸ ਵਿੱਚ ਆਵਾਜ਼ ਤਾਂ ਮੁਹਿੰਮ ਗੀਤ ਦੀ ਸੀ ਪਰ ਪਿੱਛੇ ਵੀਡੀਓ ਦਿੱਲੀ ਤੋਂ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਦੇ ਗੀਤ ਦੀ ਸੀ।
ਇਹ ਵੀਡੀਓ ਕੁੱਝ ਹੀ ਸਮੇਂ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਇਸ ਤੋਂ ਬਾਅਦ ਮਨੋਜ ਤਿਵਾਰੀ ਨੇ ਅਰਵਿੰਦ ਕੇਜਰੀਵਾਲ ਅਤੇ ਆਪ ਵਿਰੁੱਧ 500 ਕਰੋੜ ਦੇ ਮਾਨਹਾਨੀ ਅਤੇ ਕੌਪੀਰਾਈਟ ਦਾ ਨੋਟਿਸ ਭੇਜਿਆ। ਉਨ੍ਹਾਂ ਕਿਹਾ ਕਿ ਆਪ ਉਨ੍ਹਾਂ ਦੀ ਬ੍ਰੈਂਡਿੰਗ ਦੀ ਵਰਤੋਂ ਕਰ ਰਹੀ ਹੈ ਅਤੇ ਬ੍ਰਾਂਡ ਵਰਤਿਆ ਹੈ ਤਾਂ ਕੀਮਤ ਦੇਣੀ ਪਵੇਗੀ।
ਸੰਜੇ ਸਿੰਘ ਨੇ ਮਨੋਜ ਤਿਵਾਰੀ ਵਿਰੁੱਧ ਚੁੱਕੇ ਸਵਾਲ
ਇਸ ਬਾਰੇ ਜਦੋਂ ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮਨੋਜ ਤਿਵਾਰੀ ਅਤੇ ਭਾਜਪਾ ਵਿਰੁੱਧ ਸਵਾਲ ਚੁੱਕੇ। ਉਨ੍ਹਾਂ ਕਿਹਾ, "ਆਪਣੇ ਟਵਿੱਟਰ ਅਕਾਊਂਟ ਨਾਲ ਭਾਜਪਾਈ ਕੀ-ਕੀ ਕਰਦੇ ਹਨ, ਜੇ ਅਸੀਂ ਉਨ੍ਹਾਂ ਉੱਤੇ ਮਾਨਹਾਨੀ ਕਰਨ ਲੱਗੇ ਤਾਂ ਉਨ੍ਹਾਂ ਦੀ ਪਾਰਟੀ ਦਾ ਪੈਸਾ ਮਾਨਹਾਨੀ ਵਿੱਚ ਹੀ ਖ਼ਤਮ ਹੋ ਜਾਵੇਗਾ।"
ਭਾਜਪਾ ਕਰਦੀ ਹੈ ਗ਼ਲਤ ਪ੍ਰਚਾਰ
ਸੰਜੇ ਸਿੰਘ ਨੇ ਇਹ ਵੀ ਕਿਹਾ ਕਿ ਭਾਜਪਾ ਨੂੰ ਆਪਣੀ ਫਿਕਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਟਵਿੱਟਰ ਹੈਂਡਲ ਉੱਤੇ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਲਈ ਗ਼ਲਤ ਪ੍ਰਚਾਰ ਕੀਤੇ ਜਾਂਦੇ ਹਨ ਅਤੇ ਝੂਠਾ ਦੋਸ਼ ਲਗਾਉਣ ਵਾਲੇ ਸਾਡੇ ਉੱਤੇ ਸਵਾਲ ਖੜ੍ਹੇ ਕਰ ਰਹੇ ਹਨ।